ਲੁਧਿਆਣਾ:ਨਗਰ ਨਿਗਮ ਲੁਧਿਆਣਾ ਨੂੰ ਲੱਗੇ 100 ਕਰੋੜ ਦੇ ਜੁਰਮਾਨੇ ਤੇ ਵਾਤਾਵਰਨ ਪ੍ਰੇਮੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੱਕ ਅਫ਼ਸਰਾਂ ਦੀ ਜਵਾਬ ਦੇਹੀ ਤੈਅ ਨਹੀਂ ਹੁੰਦੀ ਉਦੋਂ ਤੱਕ ਪ੍ਰਦੂਸ਼ਣ ਦਾ ਮਸਲਾ ਹੱਲ ਹੋਣ ਵਾਲਾ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਨੂੰ 2018 ਚ ਵੀ 50 ਕਰੋੜ ਜੁਰਮਾਨਾ ਲਗਾਇਆ ਸੀ ਉਸ ਸਮੇਂ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਸੀ ਕਿ ਆਪਣੇ ਟਰੀਟਮੈਟ ਪਲਾਂਟ ਦੀ ਸਮਰਥਾ ਵਧਾਓ ਨਹੀਂ ਤਾਂ ਵਾਤਾਵਰਨ ਜੁਰਮਾਨਾ ਲਗਾਉਂਦਾ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਨੇ ਹਾਲੇ ਤੱਕ ਵੀ ਕਿਸੇ ਅਫਸਰ ਦੀ ਜਿੰਮੇਵਾਰੀ ਤੈਅ ਨਹੀਂ ਕੀਤੀ ਕਿ ਇਸ ਵਿਚ ਕਿਸ ਦੀ ਗਲਤੀ ਹੈ।
ਲੁਧਿਆਣਾ ਨਗਰ ਨਿਗਮ ’ਤੇ 100 ਕਰੋੜ ਦਾ ਜ਼ੁਰਮਾਨਾ
ਕਿਉਂ ਲੱਗਿਆ ਜੁਰਮਾਨਾ: ਦਰਅਸਲ ਐੱਨਜੀਟੀ ਵੱਲੋਂ ਬੀਤੇ ਦਿਨੀਂ ਆਪਣੀ ਮੋਨੀਟਰਿੰਗ ਟੀਮ ਤਾਜਪੁਰ ਰੋਡ ਕੂੜੇ ਦੇ ਡੰਪ ਤੇ ਇੱਕੋ ਹੀ ਪਰਿਵਾਰ ਦੇ ਸੱਤ ਮੈਂਬਰਾਂ ਦੀ ਝੁੱਗੀ ਨੂੰ ਅੱਗ ਲੱਗ ਜਾਣ ਦੇ ਮਾਮਲੇ ਵਿੱਚ ਭੇਜੀ ਸੀ ਜਿਨ੍ਹਾਂ ਨੇ ਕਾਰਪੋਰੇਸ਼ਨ ਦੀ ਗਲਤੀ ਨੂੰ ਮੰਨਦਿਆਂ ਐੱਨਜੀਟੀ ਨੂੰ ਜੁਰਮਾਨਾ ਲਾਉਣ ਦੀ ਸਿਫ਼ਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਐੱਨਜੀਟੀ ਨੇ ਨਗਰ ਨਿਗਮ ਨੂੰ 100 ਕਰੋੜ ਦਾ ਜ਼ੁਰਮਾਨਾ ਲਾਇਆ ਅਤੇ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਕਿ ਇਹ ਪੈਸੇ ਜੁਰਮਾਨੇ ਵਜੋਂ ਜਮ੍ਹਾਂ ਕਰਵਾਏ ਜਾਣ।
ਨਗਰ ਨਿਗਮ ਨੇ ਸੂਬਾ ਸਰਕਾਰ ਤੋਂ ਕੀਤੀ ਮਦਦ ਦੀ ਅਪੀਲ:ਜ਼ੁਰਮਾਨਾ ਲੱਗਣ ਤੋਂ ਬਾਅਦਨਗਰ ਨਿਗਮ ਲੁਧਿਆਣਾ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਕਿ ਐੱਨਜੀਟੀ ਵੱਲੋਂ ਇਕਤਰਫ਼ਾ ਫ਼ੈਸਲਾ ਸੁਣਾਇਆ ਗਿਆ ਹੈ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਅਤੇ ਹੁਣ ਉਹ ਸੂਬਾ ਸਰਕਾਰ ਨੂੰ ਮਦਦ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਉਹ ਐੱਨਜੀਟੀ ਸਾਹਮਣੇ ਆਪਣੀ ਗੱਲ ਰੱਖਣਗੇ, ਜੇਕਰ ਲੋੜ ਪਵੇਗੀ ਤਾਂ ਉਹ ਕੋਰਟ ਵਿਚ ਜਾ ਕੇ ਵੀ ਅਪੀਲ ਕਰਨਗੇ ਹਾਲਾਂਕਿ ਜਦੋਂ ਉਨ੍ਹਾਂ ਨੂੰ ਅਫ਼ਸਰਾਂ ਦੀ ਗਲਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਹਲੇ ਕਮਿਸ਼ਨਰ ਅਹੁਦੇ ਤੇ ਆਏ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਫਿਰ ਵੀ ਜੇਕਰ ਕਿਸੇ ਅਫ਼ਸਰ ਦੀ ਇਸ ਵਿਚ ਗਲਤੀ ਹੋਵੇਗੀ, ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੋ ਸਕਦੇ ਨੇ ਅਹਿਮ ਐਲਾਨ