ਲੁਧਿਆਣਾ: ਪੰਜਾਬ 'ਚ ਬੀਤੇ ਦੋ ਦਿਨਾਂ ਦੌਰਾਨ ਕਈ ਥਾਵਾਂ 'ਤੇ ਮੀਂਹ ਗੜੇਮਾਰੀ ਅਤੇ ਤੇਜ਼ ਮੀਂਹ ਪਿਆ ਹੈ, ਜਿਸ ਕਰਕੇ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ 'ਚ ਮੌਸਮ ਸਾਫ ਹੋ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਸਟਮ ਕੁਝ ਘੰਟਿਆਂ ਲਈ ਹੀ ਸੀ ਜਿਸ ਕਰਕੇ ਜੰਮੂ ਕਸ਼ਮੀਰ ਦੇ ਨਾਲ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਕਰਕੇ ਇੱਕ ਸਿਸਟਮ ਬਣਿਆ ਸੀ ਜਿਸ ਕਰਕੇ ਇਹ ਬਰਸਾਤ ਹੋਈ ਹੈ। ਉਨ੍ਹਾਂ ਕਿਹਾ ਕਿ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵੱਲ ਸ਼ੀਤ ਲਹਿਰ ਵੀ ਚੱਲ ਰਹੀ ਸੀ ਜਿਸ ਕਰਕੇ ਪਾਰੇ 'ਚ ਵੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਆਉਣ ਵਾਲੇ ਦਿਨਾਂ 'ਚ ਮੌਸਮ ਸਾਫ ਹੋ ਜਾਵੇਗਾ।
ਪੰਜਾਬ 'ਚ ਬਾਰਿਸ਼ ਕਣਕ ਲਈ ਫ਼ਾਇਦੇਮੰਦ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸਾਫ਼: ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਕੰਢੇ ਇਲਾਕਿਆਂ ਵਿੱਚ ਜੋ ਬਾਰਿਸ਼ ਹੋਈ ਹੈ, ਉਸ ਦਾ ਫਸਲ 'ਤੇ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਹਲਕਾ ਮੀਂਹ ਕਣਕ ਲਈ ਫ਼ਾਇਦੇਮੰਦ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਿਨਾਂ 'ਚ ਹੁਣ ਮੌਸਮ ਸਾਫ਼ ਹੋ ਜਾਵੇਗਾ ਅਤੇ ਪਾਰੇ ਵਿੱਚ ਵੀ ਵਾਧਾ ਦਰਜ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਹਾਲਾਂਕਿ ਠੰਢ 'ਚ ਕਾਫੀ ਇਜ਼ਾਫਾ ਹੋਇਆ ਸੀ ਅਤੇ ਇਸ ਸਾਲ ਮੌਸਮ 'ਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ ਸਨ ਕਿਉਂਕਿ ਠੰਢ ਕਾਫ਼ੀ ਪਈ ਸੀ ਅਤੇ ਕੋਲਡ ਡੇਜ਼ ਵੀ ਹੋਏ ਸਨ ਪਰ ਹੁਣ ਮੌਸਮ ਆਉਣ ਵਾਲੇ ਦਿਨਾਂ 'ਚ ਆਮ ਰਹੇਗਾ ਅਤੇ ਧੁੱਪ ਖਿੜੀ ਰਹੇਗੀ ਮੌਸਮ ਸਾਫ ਰਹੇਗਾ।