ਲੁਧਿਆਣਾ:ਪੰਜਾਬ ਦੇ ਕਈ ਹਿੱਸਿਆਂ 'ਚ ਅੱਜ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਪੈਣ ਕਾਰਨ ਠੰਡ 'ਚ ਇਜ਼ਾਫਾ ਹੋ ਗਿਆ ਹੈ। ਵੈਸਟਰਨ ਡਿਸਟਰਬੈਂਸ ਕਾਰਨ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਅਗਾਮੀ ਦਿਨਾਂ ਵਿੱਚ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪਵੇਗਾ ਤੇ ਤਾਪਮਾਨ 'ਚ ਗਿਰਾਵਟ ਆਵੇਗੀ। ਠੰਡ ਵੱਧਣ ਅਤੇ ਲਗਾਤਾਰ ਮੀਂਹ ਪੈਂਣ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੁੱਝ ਦਿਨਾਂ ਤੱਕ ਧੁੱਪ ਨਿਕਲਣ ਨਾਲ ਜਿਥੇ ਲੋਕਾਂ ਨੂੰ ਕੁੱਝ ਸਮੇਂ ਲਈ ਰਾਹਤ ਮਿਲੀ ਸੀ ਪਰ ਮੁੜ ਮੀਂਹ ਪੈਂਣ ਨਾਲ ਠੰਢ ਵੱਧ ਗਈ ਹੈ। ਸ਼ਹਿਰ 'ਚ ਅੱਜ ਸਵੇਰ ਤੋਂ ਮੀਂਹ ਪੈਣ ਕਾਰਨ ਠੰਢ ਕਾਫ਼ੀ ਵੱਧ ਗਈ ਹੈ ਅਤੇ ਸ਼ੀਤ ਲਹਿਰ ਚੱਲ ਰਹੀ ਹੈ। ਇਸ ਦੇ ਚਲਦੇ ਲੋਕਾਂ ਨੂੰ ਆਵਾਜਾਈ ਤੇ ਰੋਜ਼ਾਨਾ ਕੰਮ ਕਰਨ ਲਈ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਖੇਤੀਬਾੜੀ ਵਿਭਾਗ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਗਣਤੰਤਰਤਾ ਦਿਵਸ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪਵੇਗਾ। ਇਸ ਕਾਰਨ ਦਿੰਦਾ ਅਤੇ ਰਾਤ ਦਾ ਘੱਟੋ-ਘੱਟ ਪਾਰਾ ਹੋਰ ਹੇਠਾਂ ਡਿੱਗੇਗਾ ਅਤੇ ਸੂਬਾ ਵਾਸੀਆਂ ਨੂੰ ਸੰਘਣੀ ਧੁੰਦ ਅਤੇ ਕੋਹਰੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਪਹਾੜਾਂ ਵਿੱਚ ਵੀ ਲਗਾਤਾਰ ਬਰਫਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ 'ਚ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ ਜਿਸ ਕਰਕੇ ਪਾਰਾ ਹੇਠਾਂ ਡਿਗਦਾ ਜਾ ਰਿਹਾ ਹੈ ਅਤੇ ਲੋਕ ਠੰਡ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਵੱਲੋਂ ਅਗਾਮੀ ਦਿਨਾਂ 'ਚ ਵੀ ਠੰਡ ਤੋਂ ਸੂਬਾ ਵਾਸੀਆਂ ਨੂੰ ਕੋਈ ਵੀ ਰਾਹਤ ਨਾ ਮਿਲਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਦੱਸਿਆ ਕਿ ਠੰਡ ਇਸੇ ਤਰ੍ਹਾਂ ਬਰਕਰਾਰ ਰਹੇਗੀ ਜ਼ਿਆਦਾਤਰ ਸਵੇਰੇ ਅਤੇ ਰਾਤ ਦੇ ਸਮੇ ਪਾਰੇ 'ਚ ਗਿਰਾਵਟ ਦਰਜ ਕੀਤੀ ਜਾਵੇਗੀ।