ਲੁਧਿਆਣਾ :ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਸਰਕਾਰੀ ਖਰੀਦ ਸਿਰਫ਼ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਰਵਾਉਣ ਸਬੰਧੀ ਲਏ ਫ਼ੈਸਲੇ ਵਿਰੁੱਧ ਆੜ੍ਹਤੀਆਂ ਵੱਲੋਂ ਕੀਤੀ ਸੂਬਾ ਪੱਧਰੀ ਹੜਤਾਲ ਤਹਿਤ ਰਾਏਕੋਟ ਦਾਣਾ ਮੰਡੀ ਦੇ ਆੜ੍ਹਤੀਆਂ ਦੀ ਹੜਤਾਲ ਜਾਰੀ ਹੈ। ਆੜ੍ਹਤੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਦਾਣਾ ਮੰਡੀ ਦੇ ਮਜ਼ਦੂਰਾਂ ਨੇ ਵੀ ਆੜ੍ਹਤੀਆਂ ਦਾ ਡਟਵਾਂ ਸਾਥ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖ਼ਰੀਦ ਸਿਰਫ਼ ਸੁਸਾਇਟੀਆਂ ਰਾਹੀਂ ਕਰਵਾਉਣਾ ਅਤੇ 100 ਸਾਲਾਂ ਤੋਂ ਫ਼ਸਲਾਂ ਦੀ ਖ਼ਰੀਦ ਕਰਦੇ ਆ ਰਹੇ ਆੜ੍ਹਤੀ ਵਰਗ ਨੂੰ ਬਾਹਰ ਰੱਖਣਾ ਕਿਸੇ ਤਰ੍ਹਾਂ ਵੀ ਸਹੀ ਫੈਸਲਾ ਨਹੀਂ ਹੈ। ਇਸ ਫੈਸਲੇ ਨਾਲ ਜਿਥੇ ਆੜ੍ਹਤੀ, ਮਜ਼ਦੂਰ, ਮੁਨੀਮ ਆਦਿ ਬੇਰੁਜ਼ਗਾਰ ਹੋ ਜਾਣਗੇ, ਉੱਥੇ ਹੀ ਮੂੰਗੀ ਵੇਚਣ ਮੌਕੇ ਕਿਸਾਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕੋਆਪਰੇਟਿਵ ਸੁਸਾਇਟੀਆਂ ਕੋਲ ਫ਼ਸਲ ਦੀ ਖ਼ਰੀਦ ਲਈ ਲੋੜੀਂਦੇ ਸਾਧਨਾਂ ਅਤੇ ਜਗ੍ਹਾ ਦੀ ਕਾਫੀ ਘਾਟ ਹੈ।