ਲੁਧਿਆਣਾ: ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਹੁੰਦੇ ਜਾ ਰਹੇ ਹਨ। ਇਸ ਨੂੰ ਲੈ ਕੇ ਮੰਗਲਵਾਰ ਨੂੰ ਭਾਜਪਾ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦਾ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਲੁਧਿਆਣਾ ਦੇ ਵਿੱਚ ਕੇਸ ਵਧਦੇ ਜਾ ਰਹੇ ਹਨ ਤੇ ਮੌਤਾਂ ਦਾ ਅੰਕੜਾ ਵੀ ਵਧ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਲਾਸ਼ਾਂ ਫੂਕਣ ਲਈ ਵੀ ਉਡੀਕ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸ਼ਰਾਬ ਦੇ ਮੁੱਦੇ 'ਤੇ ਵੀ ਆਪਣੀ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ।
'ਮਿਸ਼ਨ ਫ਼ਤਹਿ' ਦਾ ਬੋਰਡ ਲਾਉਣ ਨਾਲ ਮਿਸ਼ਨ ਫਤਹਿ ਨਹੀਂ ਹੋਣਾ: ਪੁਸ਼ਪਿੰਦਰ ਸਿੰਗਲ - Mission Fateh
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਭਰ ਦੇ ਵਿੱਚ 'ਮਿਸ਼ਨ ਫ਼ਤਹਿ' ਦੇ ਬੋਰਡ ਤਾਂ ਲਗਵਾਏ ਜਾ ਰਹੇ ਹਨ ਪਰ ਇਹ ਮਿਸ਼ਨ ਇਸ ਤਰ੍ਹਾਂ ਫਤਹਿ ਨਹੀਂ ਹੋ ਸਕਦਾ ਕਿਉਂਕਿ ਲੁਧਿਆਣਾ ਵਿੱਚ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਭਰ ਦੇ ਵਿੱਚ 'ਮਿਸ਼ਨ ਫ਼ਤਹਿ' ਦੇ ਬੋਰਡ ਤਾਂ ਲਗਵਾ ਰਿਹਾ ਹੈ ਪਰ ਇਹ ਮਿਸ਼ਨ ਇਸ ਤਰ੍ਹਾਂ ਫਤਹਿ ਨਹੀਂ ਹੋ ਸਕਦਾ ਕਿਉਂਕਿ ਲੁਧਿਆਣਾ ਵਿੱਚ ਰੋਜ਼ਾਨਾ ਕੇਸਾਂ ਦੀ ਤਾਦਾਦ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਨਾ ਤਾਂ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲ ਰਿਹਾ ਹੈ ਅਤੇ ਨਾ ਹੀ ਹਸਪਤਾਲਾਂ ਦੇ ਵਿੱਚ ਮਰੀਜ਼ ਦਾਖ਼ਲ ਕਰਨ ਲਈ ਥਾਂ ਹੈ।
ਉਨ੍ਹਾਂ ਕਿਹਾ ਕਿ ਜੋ ਪਟਿਆਲਾ ਮਰੀਜ਼ ਰੈਫਰ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਬਹੁਤ ਸਮਾਂ ਲਗਦਾ ਹੈ। ਇਸ ਦੇ ਸਬੰਧ ਵਿੱਚ ਉਹ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ ਤੇ ਉਨ੍ਹਾਂ ਵੱਲੋਂ ਕੁੱਝ ਸੁਝਾਅ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੁਸ਼ਪਿੰਦਰ ਸਿੰਗਲ ਨੇ ਸ਼ਰਾਬ ਮਾਫੀਆ ਨੂੰ ਲੈ ਕੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਬਿਨ੍ਹਾਂ ਸਿਆਸੀ ਸ਼ਹਿ ਤੋਂ ਇਹ ਗੋਰਖ ਧੰਦਾ ਨਹੀਂ ਚੱਲ ਸਕਦਾ। ਇਸ ਵਿੱਚ ਕਿਸੇ ਨਾ ਕਿਸੇ ਸਿਆਸੀ ਲੀਡਰ ਦਾ ਹੱਥ ਜ਼ਰੂਰ ਹੈ, ਜਿਸ ਤੱਕ ਪਹੁੰਚਣ ਦੀ ਲੋੜ ਹੈ।