ਲੁਧਿਆਣਾ: ਹਰਿਆਣਾ ਵਿਧਾਨ ਸਭਾ ਦੇ ਇੱਕ ਦਿਨੀਂ ਵਿਸ਼ੇਸ਼ ਸੈਸ਼ਨ ਦੌਰਾਨ ਚੰਡੀਗੜ੍ਹ ਨੂੰ ਲੈ ਕੇ ਪਾਸ ਹੋਏ ਮਤੇ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਗਰਮਾਉਂਦੀ ਜਾ ਰਹੀ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜੰਮ ਕੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਘੇਰਿਆ।
ਕਾਂਗਰਸ ਦੇ ਸੀਨੀਅਰ ਲੀਡਰ ਅਤੇ ਬੁਲਾਰੇ ਕੁਲਦੀਪ ਵੈਦ ਨੇ ਕਿਹਾ ਕਿ ਕਾਨੂੰਨੀ ਤੌਰ ’ਤੇ ਹਰਿਆਣਾ ਕਦੇ ਵੀ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਐਲਾਨ ਹੀ ਨਹੀਂ ਕਰ ਸਕਦਾ ਕਿਉਂਕਿ ਹਮੇਸ਼ਾ ਰਾਜਧਾਨੀ ਪੁਰਾਣੇ ਸੂਬੇ ਨੂੰ ਹੀ ਮਿਲਦੀ ਹੈ। ਤੇਲੰਗਾਨਾ ਕਰਨਾਟਕਾ ਅਤੇ ਆਂਧਰਾ ਸਾਡੇ ਸਾਹਮਣੇ ਵੱਡੀਆਂ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜਾਣਬੁਝ ਕੇ ਇਹ ਸਭ ਸਿਆਸੀ ਰੋਟੀਆਂ ਸੇਕ ਰਹੀ ਹੈ।
ਉੱਥੇ ਹੀ ਐਸਵਾਈਐਲ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਜਾਂ ਹਰਿਆਣਾ ਨੂੰ ਪਾਣੀ ਦੇਣਾ ਹੀ ਹੈ ਤਾਂ ਗੰਗਾ ਤੋਂ ਲੈ ਕੇ ਯਮੁਨਾ ’ਚ ਪਾਣੀ ਪਾਉਣਾ ਚਾਹੀਦਾ ਹੈ ਅਤੇ ਉਹ ਪਾਣੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਲ ਪਹਿਲਾਂ ਹੀ ਆਪਣੇ ਲਈ ਪਾਣੀ ਦੀ ਵੱਡੀ ਕਮੀ ਹੈ। ਉੱਥੇ ਹੀ ਉਨ੍ਹਾਂ ਪੰਜਾਬ ਦੇ ਵਿੱਚ ਆਮਦ ਵੀ ਪਾਰਟੀ ਦੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਦੇ ਵਿਗੜਦੇ ਜਾ ਰਹੇ ਹਾਲਾਤ ’ਤੇ ਵੀ ਪ੍ਰਤੀਕਿਰਿਆ ਜ਼ਾਹਿਰ ਕੀਤੀ।