ਲੁਧਿਆਣਾ:ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਦੇ ਵਿੱਚ ਆਪਣੇ ਸਾਬਕਾ ਵਿਧਾਇਕਾਂ ਦੇ ਨਾਲ ਬੈਠਕ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਰਾਜਾ ਵੜਿੰਗ ਦੇ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਕੁਲਜੀਤ ਨਾਗਰਾ ਅਤੇ ਕਾਂਗਰਸ ਦੇ ਹੋਰ ਕਈ ਲੀਡਰ ਮੌਜੂਦ ਰਹੇ। ਹਾਲਾਂਕਿ ਸੁਰਿੰਦਰ ਡਾਵਰ ਦੇ ਘਰ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਅਤੇ ਸਾਬਕਾ ਵਿਧਾਇਕ ਕੁਲਦੀਪ ਵੈਦ ਨਹੀਂ ਪਹੁੰਚੇ।
ਇਸ ਦੌਰਾਨ ਸੁਨੀਲ ਜਾਖੜ ਦੇ ਮਾਮਲੇ ’ਤੇ ਜਵਾਬ ਦਿੰਦਿਆਂ ਹੋਇਆ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉੱਥੇ ਹੀ ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮੀਟਿੰਗ ਕਰਨ ਦਾ ਪੂਰਾ ਅਧਿਕਾਰ ਹੈ ਪਰ ਜੇਕਰ ਮੀਟਿੰਗ ਦੇ ਦੌਰਾਨ ਪਾਰਟੀ ਵਿਰੋਧੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਉਹ ਗਲਤ ਹੈ।
ਇਸ ਦੌਰਾਨ ਜਦੋ ਵੜਿੰਗ ਤੋਂ ਸਵਾਲ ਕੀਤਾ ਗਿਆ ਕਿ ਨਵਜੋਤ ਸਿੱਧੂ ਪਾਰਟੀ ਦੇ ਹੀ ਕੁਝ ਆਗੂਆਂ ਅਤੇ ਵਰਕਰਾਂ ਨੂੰ ਗੱਦਾਰ ਕਹਿ ਰਹੇ ਹਨ ਤਾਂ ਉਨ੍ਹਾਂ ਕਿਹਾ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਹੈ, ਬਾਕੀ ਇਹ ਉਹਨਾਂ ਨੇ ਕਿੱਥੇ ਬੋਲਿਆ ਹੈ ਇਸ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਕਜੁੱਟ ਕਰਨਾ ਮੁੱਖ ਮੰਤਵ ਹੈ, ਸਾਡੇ ਅੱਗੇ ਕਾਰਪੋਰੇਸ਼ਨ ਦੀਆਂ ਚੋਣਾਂ ਸੰਗਰੂਰ ਲੋਕ ਸਭਾ ਚੋਣਾਂ ਆਦਿ ਵੀ ਹਨ।
ਇਸ ਦੌਰਾਨ ਰਾਜਾ ਵੜਿੰਗ ਨੂੰ ਜਦੋਂ ਆਮ ਆਦਮੀ ਪਾਰਟੀ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵੇ ਅਤੇ ਵਾਅਦੇ ਤਾਂ ਬਹੁਤ ਕਰ ਦਿੱਤੇ ਜੋ ਹੁਣ ਨਿਭਾਏ ਨਹੀਂ ਜਾ ਰਹੇ। ਉਨ੍ਹਾਂ ਕਿਹਾ ਇਹੀ ਕਾਰਨ ਸੀ ਕਿ ਲੋਕ ਆਮ ਆਦਮੀ ਪਾਰਟੀ ਦੀ ਗੱਲਾਂ ਵਿੱਚ ਆ ਗਏ ਪਰ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹੁਣ ਕਹਿ ਰਹੇ ਹਨ ਕਿ ਉਹ ਜੋ ਪੰਜਾਬ ਦੇ ਸਿਰ ਕਰਜ਼ਾ ਹੈ ਉਸ ਦੀ ਜਾਂਚ ਕਰਵਾਉਣਗੇ ਪਰ ਕੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਤਾਂ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਆ ਚੁੱਕਾ ਹੈ ਉੱਥੇ ਹੀ ਦੂਜੇ ਪਾਸੇ ਬਿਜਲੀ ਦੇ ਵਿੱਚ ਦਲਿਤਾਂ ਨੂੰ ਛੋਟ ਜਦਕਿ ਜਨਰਲ ਕੈਟਾਗਿਰੀ ਨੂੰ ਛੋਟ ਨਾ ਦੇਣ ਸਬੰਧੀ ਵੀ ਉਨ੍ਹਾਂ ਕਿਹਾ ਕਿ ਕਈ ਜਨਰਲ ਕੈਟਾਗਿਰੀ ਦੇ ਲੋਕ ਵੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਸਾਰਿਆਂ ਦੀ ਮਦਦ ਹੋਣੀ ਚਾਹੀਦੀ ਹੈ।