ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਆਉਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇ ਦਿੱਤਾ ਗਿਆ ਅਤੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ। ਜਿਸ ਪਿੱਛੋਂ ਹੁਣ ਪੰਜਾਬ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਵਾਏ ਜਾ ਰਹੇ ਹਨ। ਭਾਵੇਂ ਉਹ ਯੂਨੀਪੋਲਾਂ 'ਤੇ ਲੱਗੇ ਸਨ ਭਾਵੇਂ ਬੱਸਾਂ 'ਤੇ ਜਾਂ ਫਿਰ ਹੋਰ ਜਨਤਕ ਥਾਵਾਂ 'ਤੇ। ਲੁਧਿਆਣਾ ਵਿੱਚ ਲਗਪਗ 100 ਯੂਨੀਪੋਲਾਂ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ-ਵੱਡੇ ਹੋਰਡਿੰਗ ਲੱਗੇ ਹੋਏ ਸਨ, ਜਿਨ੍ਹਾਂ ਚੋਂ ਇਕ ਫਲੈਕਸ ਦਾ ਖਰਚਾ 5000 ਤੋਂ 10,000 ਰੁਪਏ ਹੈ ਅਤੇ 1 ਦਿਨ ਯੂਨੀਪੋਲ 'ਤੇ ਐਡ ਲਵਾਉਣ ਦਾ ਖਰਚਾ ਵੀ 5000 ਰੁਪਏ ਹੈ।
ਕੁੱਲ ਮਿਲਾ ਕੇ ਇੱਕ ਲੱਖ ਰੁਪਏ ਦੇ ਕਰੀਬ ਇਕ ਯੂਨੀਪੋਲ 'ਤੇ ਇਕ ਮਹੀਨੇ ਲਈ ਆਪਣਾ ਵਿਗਿਆਪਨ ਲਾਉਣ ਦਾ ਖਰਚਾ ਸੀ। ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਇਹ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿੱਚ ਹੀ ਕੁੱਲ 100 ਯੂਨੀਪੋਲਾਂ 'ਤੇ ਆਪਣੇ ਵਿਗਿਆਪਨ ਲਗਾਏ ਗਏ ਸਨ। ਜਿਸ ਦਾ ਮਹੀਨੇਵਾਰ ਖਰਚਾ ਹੀ ਲੱਖਾਂ ਕਰੋੜਾਂ ਰੁਪਏ ਤੱਕ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਜਨਤਾ ਦਾ ਪੈਸਾ ਜਿਸ ਨੂੰ ਬਰਬਾਦ ਕੀਤਾ ਗਿਆ ਹੈ।
ਜਨਤਾ ਦਾ ਕਰੋੜਾਂ ਰੁਪਿਆ ਟੈਕਸਾਂ ਦਾ ਹੋਇਆ ਬਰਬਾਦ : ਆਰ.ਟੀ.ਆਈ. ਐਕਟੀਵਿਸਟ
ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਦੱਸਿਆ ਕਿ ਵਿਅਕਤੀ ਜਦੋਂ ਸਵੇਰੇ ਉੱਠਦਾ ਹੈ ਤਾਂ ਉਸ ਵੱਲੋਂ ਸਰਕਾਰ ਨੂੰ ਅਸਿੱਧੇ ਤੌਰ 'ਤੇ ਟੈਕਸ ਦੇਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਟੈਕਸ ਦਾ ਪੈਸਾ ਲੋਕਾਂ ਦੇ ਕੰਮਾਂ 'ਤੇ ਵਿਕਾਸ ਲਈ ਸ਼ਹਿਰ ਦੇ ਵਿਕਾਸ ਲਈ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਲਈ ਲਾਇਆ ਜਾਣਾ ਚਾਹੀਦਾ ਹੈ ਪਰ ਇਸ ਦੇ ਉਲਟ ਕੈਪਟਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਣ ਲਈ ਵੱਡੇ-ਵੱਡੇ ਹੋਰਡਿੰਗ-ਪੋਸਟਰ ਪੂਰੇ ਪੰਜਾਬ ਭਰ 'ਚ ਲਗਵਾਏ ਪਰ ਜਦੋਂ ਮੁੱਖ ਮੰਤਰੀ ਦਾ ਤਖ਼ਤਾ ਪਲਟਿਆ ਤਾਂ ਚੰਨੀ ਨਵੇਂ ਮੁੱਖ ਮੰਤਰੀ ਬਣੇ ਜਿਸ ਤੋਂ ਬਾਅਦ ਕੈਪਟਨ ਦੇ ਸਾਰੇ ਹੋਰਡਿੰਗ ਉਤਾਰ ਦਿੱਤੇ ਗਏ, ਜਿਨ੍ਹਾਂ 'ਤੇ ਸਰਕਾਰ ਵੱਲੋਂ ਆਮ ਜਨਤਾ ਦੇ ਟੈਕਸਾਂ ਦਾ ਕਰੋੜਾਂ ਰੁਪਿਆ ਖ਼ਰਚਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਸਰਕਾਰ ਨੂੰ ਹਿਸਾਬ ਦੇਣਾ ਚਾਹੀਦਾ ਹੈ ਇਸ ਸਬੰਧੀ ਉਹ ਇੱਕ ਨਵੀਂ ਆਰਟੀਆਈ ਵੀ ਪਾਉਣ ਜਾ ਰਹੇ ਹਨ, ਜਿਸਦਾ ਆਉਂਦੇ ਦਿਨਾਂ 'ਚ ਉਹ ਖੁਲਾਸਾ ਕਰਨਗੇ।