ਲੁਧਿਆਣਾ :ਪੰਜਾਬ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੋਰੋਨਾ ਪਾਬੰਦੀਆਂ ਲਾਈਆਂ ਗਈਆਂ ਹਨ। ਜਿਥੇ ਇੱਕ ਪਾਸੇ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਾਇਟ ਕਰਫਿਊ ਤੇ ਵੀਕੈਂਡ ਲੌਕਡਾਊਨ ਲਾਇਆ ਹੈ, ਉਥੇ ਹੀ ਦੂਜੇ ਪਾਸੇ ਦੁਕਾਨਦਾਰ ਤੇ ਆਮ ਜਨਤਾ ਇਸ ਤੋਂ ਬੇਹੱਦ ਨਾਰਾਜ਼ ਹੈ।
ਕੋਰੋਨਾ ਪਾਬੰਦੀਆਂ 'ਤੇ ਜਨਤਾ ਤੇ ਦੁਕਾਨਦਾਰਾਂ ਨੇ ਪ੍ਰਗਟਾਈ ਨਾਰਾਜ਼ਗੀ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੀਤੇ ਸਾਲ ਵੀ ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਭਰ ਵਿੱਚ ਸੰਪੂਰਨ ਲੌਕਡਾਊਨ ਲਾ ਦਿੱਤਾ ਗਿਆ ਸੀ। ਜਿਸ ਦੇ ਚਲਦੇ ਵਪਾਰ,ਛੋਟੇ ਪੱਧਰ ਦੇ ਕਾਰੋਬਾਰ ਆਦਿ ਪੂਰੀ ਤਰ੍ਹਾਂ ਠੱਪ ਪੈ ਗਏ। ਇਸ ਦਰੌਾਨ ਕਈ ਲੋਕਾਂ ਦੀਆਂ ਨੌਕਰੀਆਂ ਚੱਲੇ ਗਈਆਂ। ਜਿਸ ਕਾਰਨ ਆਰਥਿਕ ਮੰਦੀ ਦੇ ਚਲਦੇ ਉਨ੍ਹਾਂ ਲਈ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ।
ਲੁਧਿਆਣਾ ਦੇ ਸਥਾਨਕ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦਾ ਵੀ ਕਹਿਣਾ ਹੈ ਕਿ ਬੀਤੇ ਸਾਲ ਲਗਾਤਾਰ ਲੌਕਡਾਊਨ ਦੇ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਮੁੜ ਸਰਕਾਰ ਵੱਲੋਂ ਵੀਕੈਂਡ ਲੌਕਡਾਊਨ ਤੇ ਨਾਇਟ ਕਰਫਿਊ ਲਾ ਦਿੱਤਾ ਗਿਆ ਹੈ। ਜਿਸ ਦੇ ਚਲਦੇ ਉਨ੍ਹਾਂ ਦੇ ਕਾਰੋਬਾਰ ਨਹੀਂ ਚੱਲ ਰਹੇ। ਉਨ੍ਹਾਂ ਕਿਹਾ ਕਿ ਹਮੇਸ਼ਾ ਦੁਕਾਨਦਾਰ ਤੇ ਵਪਾਰੀ ਟੈਕਸ ਭਰਦੇ ਹਨ, ਇਸ ਦੇ ਬਾਵਜੂਦ ਸਰਕਾਰ ਵਪਾਰੀਆਂ ਤੇ ਦੁਕਾਨਾਦਾਰਾਂ ਉੱਤੇ ਹੀ ਪਾਬੰਦੀਆਂ ਲਾਉਂਦੀ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਨਾਲ ਮਤਰੇਈ ਮਾਂ ਜਿਹਾ ਵਿਵਹਾਰ ਕਰ ਰਹੀ ਹੈ, ਕਿਉਂਕਿ ਜਿਥੇ ਇੱਕ ਉਨ੍ਹਾਂ 'ਤੇ ਦੁਕਾਨਾਂ ਤੇ ਵਪਾਰ ਬੰਦ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼ਰਾਬ ਦੇ ਠੇਕੇ, ਬੱਸ ਸਰਵਿਸ ਆਦਿ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਿਯਮ ਸਭ ਲਈ ਇੱਕ ਹੋਣੇ ਚਾਹੀਦੇ ਹਨ। ਸਰਕਾਰ ਕੋਰੋਨਾ ਪਾਬੰਦੀਆਂ ਲਗਾ ਕੇ ਦੁਕਾਨਦਾਰਾਂ ਤੇ ਵਪਾਰੀਆਂ ਉੱਤੇ ਤਸ਼ਦਦ ਕਰ ਰਹੀ ਹੈ।
ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, ਕੋਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਮਹਾਂਮਾਰੀ ਦੇ ਚਲਦੇ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਹੀ ਸਰਕਾਰ ਵੱਲੋਂ ਕੋਰੋਨਾ ਨਿਯਮਾਂ ਦੀ ਸਖ਼ਤ ਪਾਲਣਾ ਤੇ ਕੋਰੋਨਾ ਪਾਬੰਦੀਆਂ ਲਾਈਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਕੇ ਖ਼ੁਦ ਦਾ ਬਚਾਅ ਰੱਖਣ ਦੀ ਅਪੀਲ ਕੀਤੀ।