ਲੁਧਿਆਣਾ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਸਿਵਲ ਹਸਪਤਾਲ ਜਗਰਾਓਂ ਵਿਖੇ ਜੱਚਾ-ਬੱਚਾ ਹਸਪਤਾਲ ਦਾ ਨੀਂਹ ਪੱਥਰ ਰੱਖਣ ਪੁਜੇ। ਇਸ ਸਮਾਗਮ ਦੌਰਾਨ ਨੀਂਹ ਪੱਥਰ ਉੱਤੇ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਦਾ ਨਾਂਅ ਨਾ ਹੋਣ ਦੇ ਚਲਦੇ ਕਈ ਸਵਾਲ ਚੁੱਕੇ ਗਏ।
ਜੱਚਾ-ਬੱਚਾ ਹਸਪਤਾਲ ਦੇ ਨੀਂਹ ਪੱਥਰ 'ਤੇ ਵਿਧਾਇਕਾ ਦਾ ਨਾਂਅ ਨਾ ਲਿੱਖਣ ਕਾਰਨ ਹੋਇਆ ਸਿਆਸੀ ਡਰਾਮਾ ਇਸ ਵਿਵਾਦ ਬਾਰੇ ਦੱਸਦੇ ਹੋਏ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਗਰਾਓਂ ਵਿੱਚ ਜੱਚਾ ਬੱਚਾ ਹਸਪਤਾਲ ਖੋਲ੍ਹੇ ਜਾਣ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਵੱਲੋਂ ਇਹ ਮੁੱਦਾ ਵਾਰ-ਵਾਰ ਵਿਧਾਨ ਸਭਾ 'ਚ ਚੁੱਕਿਆ ਗਿਆ ਅਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਇਹ ਮੰਗ ਮੰਨ ਲਈ ਗਈ ਅਤੇ ਕੋਰੜਾਂ ਰੁਪਏ ਦੀ ਲਾਗਤ ਨਾਲ ਇਸ ਹਸਪਤਾਲ ਨੂੰ ਤਿਆਰ ਕੀਤਾ ਜਾਵੇਗਾ।
ਅੱਜ ਇਸ ਹਸਪਤਾਲ ਦਾ ਨੀਂਹ ਪੱਥਰ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਰੱਖਿਆ ਗਿਆ ਹੈ। ਉਨ੍ਹਾਂ ਆਪਣੀ ਨਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮੌਕੇ ਉਨ੍ਹਾਂ ਦਾ ਨਾਂਅ ਨੀਂਹ ਪੱਥਰ ਉੱਤੇ ਨਹੀਂ ਲਿੱਖਿਆ ਗਿਆ ਜਿਸ ਨਾਲ ਕਾਂਗਰਸ ਪਾਰਟੀ ਦੀ ਰਾਜਨੀਤੀ ਸਾਹਮਣੇ ਆਈ ਹੈ। ਉਨ੍ਹਾਂ ਕਾਂਗਰਸੀ ਆਗੂਆਂ 'ਤੇ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਕਾਂਗਰਸ ਦੇ ਕੁੱਝ ਲੀਡਰਾਂ ਦੀ ਆਦਤ ਹੈ ਕਿ ਸਿਰਫ ਆਪਣਾ ਨਾਂਅ ਚਮਕਾਇਆ ਜਾਵੇ।
ਇਸ ਬਾਰੇ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗ਼ਲਤੀ ਹੋ ਗਈ ਹੈ ਪਰ ਅੱਗੇ ਤੋਂ ਇਸ ਦਾ ਖਿਆਲ ਰੱਖਿਆ ਜਾਵੇਗਾ। ਸਿਹਤ ਮੰਤਰੀ ਸਮਾਗਮ ਦੇ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਬੱਚਦੇ ਨਜ਼ਰ ਆਏ।
ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਮੁਤਾਬਿਕ ਸ਼ਹਿਰ 'ਚ ਇਹ ਹਸਪਤਾਲ ਉਹ ਲੈ ਕੇ ਆਏ ਹਨ। ਨੀਂਹ ਪੱਥਰ ਉੱਤੇ ਉਨ੍ਹਾਂ ਦਾ ਨਾਂਅ ਨਾ ਹੋਣ ਸਿਆਸੀ ਮੁੱਦਾ ਬਣ ਸਕਦਾ ਹੈ।