ਲੁਧਿਆਣਾ: 6 ਜੂਨ ਵਾਲੇ ਦਿਨ ਨੂੰ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਘੱਲੂਘਾਰਾ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ, ਉੱਥੇ ਹੀ ਕੁਝ ਹਿੰਦੂ ਜਥੇਬੰਦੀਆਂ ਇਸ ਨੂੰ ਅੱਤਵਾਦੀ ਖ਼ਾਤਮਾ ਦਿਵਸ ਦਾ ਨਾਂ ਦਿੰਦੀਆਂ ਹਨ। ਸ਼ਹਿਰ ਦਾ ਮਾਹੌਲ ਕਿਸੇ ਵੀ ਤਰ੍ਹਾਂ ਖ਼ਰਾਬ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਜਿੰਨੇ ਵੀ ਹਿੰਦੂ ਅਤੇ ਸਿੱਖ ਗਰਮ ਖਿਆਲੀ ਆਗੂ ਹਨ, ਉਨ੍ਹਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਘੱਲੂਘਾਰਾ ਦਿਵਸ ਨੂੰ ਲੈਕੇ ਪੁਲਿਸ ਨੇ ਕੀਤੀ ਸਖ਼ਤੀ:ਸੋਸ਼ਲ ਮੀਡੀਆ ਤੇ ਵੀ ਰੱਖੀ ਨਜ਼ਰ ਖਾਸ ਤੌਰ ਤੇ ਧਾਰਮਿਕ ਸਥਾਨ ਗੁਰਦੁਆਰੇ ਅਤੇ ਮੰਦਰਾਂ ਵਿੱਚ ਕਿਸੇ ਕਿਸਮ ਦੇ ਵੱਡੇ ਇਕੱਠ ਤੋਂ ਸਾਫ਼ ਮਨਾਹੀ ਹੈ। ਲੁਧਿਆਣਾ ਪੁਲਿਸ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਪੁਲਿਸ ਦੀ ਵਿਸ਼ੇਸ਼ ਨਜ਼ਰ ਹੈ ਤਾਂ ਜੋ ਕਿਸੇ ਕਿਸਮ ਦਾ ਭੜਕਾਊ ਬਿਆਨ ਜਾਂ ਵੀਡੀਓ ਨਾ ਪਾਈ ਜਾਵੇ।
ਸਾਡੀ ਟੀਮ ਵਲੋਂ ਲੁਧਿਆਣਾ ਹਿੰਦੂ ਆਗੂਆਂ ਦੇ ਘਰਾਂ ਦੇ ਬਾਹਰ ਦੌਰਾ ਕੀਤਾ ਗਿਆ ਤਾਂ ਉੱਥੇ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਇਨ੍ਹਾਂ ਆਗੂਆਂ ਨੂੰ ਕਿਸੇ ਨਾਲ ਮਿਲਣ ਤੋਂ ਵੀ ਮਨਾਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ ਸਾਈਬਰ ਸੈੱਲ ਦੀ ਵਿਸ਼ੇਸ਼ ਨਜ਼ਰ ਹੈ। ਇਸ ਦੇ ਨਾਲ ਹੀ ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ । ਇਸ ਦੇ ਨਾਲ ਹੀ ਸੰਵੇਦਨਸ਼ੀਲ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ:ਘੱਲੂਘਾਰਾ ਦਿਵਸ: ਜਥੇਦਾਰ ਦਾ ਕੌਮ ਦੇ ਨਾਮ ਸੰਦੇਸ਼,ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਸਮਾਗਮ