ਲੁਧਿਆਣਾ:ਜ਼ਿਲ੍ਹੇ ਦੇ ਬੀਆਰਐੱਸ ਨਗਰ ਸਥਿਤ ਬੀਤੇ ਦਿਨੀਂ ਇੱਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਪੁਲਿਸ ਦੀ ਟੀਮ ਵੱਲੋਂ ਬਹੁਤ ਹੀ ਮੁਸਤੈਦੀ ਨਾਲ ਸੁਲਝਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਲੁਧਿਆਣਾ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਜਿਸ ਵਿੱਚ ਪੁਲਿਸ ਦੁਆਰਾ ਦੋ ਦਿਨ ਪਹਿਲਾਂ ਹੋਏ ਬਜ਼ੁਰਗ ਜੋੜੇ ਦੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਬਜੁਰਗ ਜੋੜੇ ਦੀ ਵੱਡੀ ਨੂੰਹ ਦਾ ਭਰਾ ਹੈ। ਜੋ ਕਿ ਐਨਆਰਆਈ ਹੈ ਅਤੇ ਪਹਿਲਾਂ ਹੋਏ ਪਰਿਵਾਰਕ ਵਿਵਾਦ ਦੇ ਕਾਰਨ ਮਨ ਵਿੱਚ ਰੰਜਿਸ਼ ਰੱਖਦਾ ਸੀ। ਜਿਸ ਦੇ ਚਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੇ ਬੈਗ ਵਿਚ ਗਲੱਬਜ ਪਾਕੇ ਰੱਖੇ ਹੋਏ ਸੀ ਅਤੇ ਕਾਫ਼ੀ ਸਮਾਂ ਪਹਿਲਾਂ ਖਰੀਦੇ ਹੋਏ ਚਾਕੂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਤੋਂ ਗੇਟ ਨਾ ਖੁਲ੍ਹਿਆ ਜਿਸ ਕਾਰਨ ਉਸਨੂੰ ਕੰਧ ਟੱਪਣੀ ਪਈ। ਉਨ੍ਹਾਂ ਦੱਸਿਆ ਕਿ ਤੇਜ਼ਧਾਰ ਹਥਿਆਰ ਦੇ ਨਾਲ ਬਜ਼ੁਰਗ 'ਤੇ 17 ਵਾਰ ਜਦੋਂ ਕਿ ਬਜ਼ੁਰਗ ਮਹਿਲਾ ਤੇ 11 ਵਾਰ ਕਰਕੇ ਉਨ੍ਹਾਂ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਬਜ਼ੁਰਗ ਪਤੀ ਪਤਨੀ ਬੀਆਰਐੱਸ ਨਗਰ ਪੋਰਸ਼ ਇਲਾਕੇ ਵਿਚ ਇਕੱਲੇ ਹੀ ਰਹਿੰਦੇ ਸਨ ਅਤੇ ਉਨ੍ਹਾਂ ਦਾ ਵੱਡਾ ਬੇਟਾ ਵਿਦੇਸ਼ ਵਿੱਚ ਹੀ ਰਹਿੰਦਾ ਹੈ ਅਤੇ ਜਲਦ ਹੀ ਦੋਵੇਂ ਬਜ਼ੁਰਗ ਪਤੀ ਪਤਨੀ ਆਪਣੇ ਬੇਟੇ ਕੋਲ ਜਾਣ ਵਾਲੇ ਸੀ, ਜਿਸ ਦੀ ਖ਼ਬਰ ਉਨ੍ਹਾਂ ਦੀ ਨੂੰਹ ਦੇ ਭਰਾ ਨੂੰ ਲੱਗ ਗਈ ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਪੁਲਿਸ ਹਿਰਾਸਤ 'ਚ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਨਸ਼ੇ ਅਤੇ ਹਥਿਆਰ ਸਮੇਤ 3 ਮੁਲਜ਼ਮ ਗ੍ਰਿਫਤਾਰ