ਲੁਧਿਆਣਾ: ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਉਨ੍ਹਾਂ ਦੇ ਹਥਿਆਰ ਬਣਾਉਣ ਵਾਲੀ ਸਿਕਲੀਗਰ ਬਿਰਾਦਰੀ ਪਿਛਲੇ ਕਈ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਆਪਣੀ ਹੋਂਦ ਤੇ ਹੱਕ ਲਈ ਸੰਘਰਸ਼ ਕਰ ਰਹੀ ਹੈ।
ਸਰਕਾਰੀ ਸਹੂਲਤਾਂ ਤੋਂ ਵਾਂਝੀ ਸਿਕਲੀਗਰ ਬਿਰਾਦਰੀ ਦੱਸਣਯੋਗ ਹੈ ਕਿ ਸਿਕਲੀਗਰ ਬਿਰਾਦਰੀ ਦੇ ਲੋਕ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸਮੇਂ ਤੋਂ ਹੁਣ ਤੱਕ ਚਾਕੂ, ਹਥਿਆਰਾਂ ਨੂੰ ਧਾਰ ਲਾਉਣ ਅਤੇ ਤਾਲੇ-ਚਾਬੀ ਤਿਆਰ ਕਰਨ, ਤਸਲਿਆਂ ਦਾ ਥੱਲਾ ਲਾਉਣ ਦਾ ਕੰਮ ਕਰਦੇ ਹਨ। ਸਿਕਲੀਗਰ ਬਿਰਾਦਰੀ ਨੂੰ ਸਿੱਖ ਕੌਮ ਦਾ ਹਿੱਸਾ ਮੰਨਿਆ ਜਾਂਦਾ ਹੈ। ਗੁਰੂਆਂ ਦੀ ਸੇਵਾ ਕਰਨ ਵਾਲੀ ਬਿਰਾਦਰੀ ਸਿੱਖੀ ਸਰੂਪ 'ਚ ਰਹਿੰਦੀ ਹੈ। ਲੰਬੇ ਸਮੇਂ ਤੱਕ ਸਿੱਖ ਕੌਮ ਦੀ ਤੇ ਗੁਰੂਆਂ ਦੀ ਸੇਵਾ ਕਰਨ ਵਾਲੀ ਇਹ ਬਿਰਾਦਰੀ ਅਜੇ ਵੀ ਆਪਣੇ ਮੁੱਢਲੇ ਹੱਕਾਂ ਦੀ ਲੜ੍ਹਾਈ ਲੜ੍ਹ ਰਹੀ ਹੈ।
ਇਸ ਬਿਰਾਦਰੀ ਦੇ ਲੋਕਾਂ ਦਾ ਕੋਈ ਪੱਕਾ ਠਿਕਾਣਾ ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਅਜੇ ਵੀ ਸਰਕਾਰੀ ਸਹੂਲਤਾਂ ਤੇ ਉਨ੍ਹਾਂ ਦੇ ਮੁੱਢਲੇ ਹੱਕ ਨਹੀਂ ਮਿਲੇ। ਐਸਜੀਪੀਸੀ ਵੱਲੋਂ ਇਸ ਬਿਰਾਦਰੀ ਲਈ ਕਰੋੜਾਂ ਰੁਪਏ ਦਾ ਬਜਟ ਤਾਂ ਰੱਖਿਆ ਜਾਂਦਾ ਹੈ ਪਰ ਇਸ ਬਿਰਾਦਰੀ ਦਾ ਵਿਕਾਸ ਅਜੇ ਤੱਕ ਨਹੀਂ ਹੋ ਸਕਿਆ।
ਸਿਕਲੀਗਰ ਬਿਰਾਦਰੀ ਦੇ ਲੋਕ ਵੱਡੀ ਤਦਾਦ 'ਚ ਲੁਧਿਆਣਾ ਵਿੱਚ ਰਹਿੰਦੇ ਹਨ। ਸਿਕਲੀਗਰ ਬਿਰਾਦਰੀ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਇਸ ਬਿਰਾਦਰੀ ਦੇ ਲੋਕਾਂ ਨੇ ਕਿਹਾ ਕਿ ਉਹ ਗੁਰੂ ਕਾਲ ਤੋਂ ਹੀ ਸਿੱਖ ਕੌਮ ਦੀ ਸੇਵਾ ਕਰਦੇ ਆ ਰਹੇ ਹਨ , ਪਰ ਮੌਜੂਦਾ ਸਮੇਂ 'ਚ ਉਨ੍ਹਾਂ ਨੂੰ ਆਪਣੀ ਹੋਂਦ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਰਕਾਰੀ ਸਹੂਲਤ ਅਤੇ ਨਾ ਹੀ ਕੋਈ ਪੱਕਾ ਠਿਕਾਣਾ ਨਹੀਂ ਮਿਲਿਆ। ਜਿਸ ਕਾਰਨ ਉਹ ਅੱਜ ਵੀ ਠੋਕਰਾਂ ਖਾਣ ਲਈ ਮਜ਼ਬੂਰ ਹਨ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਉਨ੍ਹਾਂ ਦੀ ਬਿਰਾਦਰੀ ਲਈ ਕਰੋੜਾਂ ਰੁਪਏ ਦਾ ਬਜਟ ਤਾਂ ਰੱਖਿਆ ਜਾਂਦਾ ਹੈ ਪਰ ਇਹ ਪੈਸਾਂ ਉਨ੍ਹਾਂ ਕੋਲ ਨਹੀਂ ਪਹੁੰਚਦਾ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਬਣ ਜਾਵੇ ਪਰ ਉਨ੍ਹਾਂ ਦੀ ਬਿਰਾਦਰੀ ਦੇ ਵਿਕਾਸ ਵੱਲੋਂ ਕੋਈ ਵੀ ਸਰਕਾਰ ਧਿਆਨ ਨਹੀਂ ਦਿੰਦੀ। ਉਨ੍ਹਾਂ ਦੇ ਬੱਚੇ ਪੜ੍ਹਾਈ ਤੇ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਸਰਕਾਰ ਕੋਲੋਂ ਸਿਕਲੀਗਰ ਬਿਰਾਦਰੀ ਵੱਲ ਧਿਆਨ ਦੇਣ ਤੇ ਵਿਕਾਸ ਕਾਰਜਾਂ ਲਈ ਕੰਮ ਕੀਤੇ ਜਾਣ ਦੀ ਅਪੀਲ ਕੀਤੀ ਹੈ।