ਲੁਧਿਆਣਾ: ਇਸਰਾਈਲ ਵੱਲੋਂ ਤਿਆਰ ਕੀਤੇ ਸੌਫਟਵੇਅਰ ਪੈਗਾਸਸ ਤੋਂ ਕਈ ਸਮਾਜ ਸੇਵੀ ਜੱਜਾਂ, ਵਕੀਲਾਂ ਇੱਥੋਂ ਤੱਕ ਕਿ ਸਿਆਸੀ ਆਗੂਆਂ ਦੇ ਫੋਨ ਟੈਪਿੰਗ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸੇ ਮਾਮਲੇ ਵਿੱਚ ਹੁਣ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਲੁਧਿਆਣਾ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ।
ਵਕੀਲ ਜਸਪਾਲ ਸਿੰਘ ਮੰਝਪੁਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸਿੱਖ ਕੱਟੜਪੰਥੀ, ਯੂ.ਏ.ਪੀ.ਏ, ਐੱਨ.ਆਈ.ਏ ਅਤੇ ਟਾਡਾ ਵਰਗੇ ਕੇਸਾਂ ਵਿੱਚ ਪੈਰਵੀ ਕਰਦੇ ਰਹੇ ਹਨ। ਉਨ੍ਹਾਂ ਦਾ ਨਾਂ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ ਜਿਨ੍ਹਾਂ ਦੇ ਫੋਨ ਟੈਪ ਕੀਤੇ ਗਏ ਹਨ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਵੱਲੋਂ ਜਸਪਾਲ ਸਿੰਘ ਮੰਝਪੁਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਫੋਨ ਟੈਪਿੰਗ ਸੂਚੀ ਵਿੱਚ ਜ਼ਿਕਰ ਆਇਆ ਹੈ ਤਾਂ ਇਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਪਰ ਇਹ ਲੋਕਤੰਤਰ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਕਾਂਗਰਸ ਦੀ ਸਰਕਾਰ ਵੇਲੇ ਵੀ ਹੁੰਦੇ ਰਹੇ ਨੇ ਪਰ ਹੁਣ ਇਹ ਕੰਮ ਗੁਪਤ ਢੰਗ ਨਾਲ ਵੱਡੇ ਪੱਧਰ 'ਤੇ ਹੋਇਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।