ਲੁਧਿਆਣਾ:ਜ਼ਿਲ੍ਹੇ ਭਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਨੂੰ ਲੈ ਕੇ ਬੀਤੇ ਕਈ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਜਿਸਨੂੰ ਲੈ ਕੇ ਪੀਏਯੂ ਦੇ ਬੇਰੁਜ਼ਗਾਰ ਵਿਦਿਆਰਥੀਆਂ ਵੱਲੋਂ ਮੱਝ ਅੱਗੇ ਬੀਨ ਵਜਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੱਝ ’ਤੇ ਭਗਵੰਤ ਮਾਨ ਦੀ ਤਸਵੀਰ ਵੀ ਲਾਈ ਗਈ। ਨਾਲ ਹੀ ਵਿਦਿਆਰਥੀਆਂ ਨੇ ਮਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ।
ਆਪਣੀ ਭੜਾਸ ਕੱਢਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀ ਸਿਰਫ਼ ਇਹੀ ਮੰਗ ਹੈ ਕਿ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ, ਪਰ ਭਗਵੰਤ ਮਾਨ ਦੋ ਵਾਰ ਲੁਧਿਆਣਾ ਆਉਣ ਦੇ ਬਾਵਜੂਦ ਅਤੇ ਪੀਏਯੂ ਵਿੱਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨਹੀਂ ਮਿਲੇ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਉਨ੍ਹਾਂ ਤੋਂ ਭੱਜ ਰਹੀ ਹੈ ਸਰਕਾਰ ਨੇ ਆਪਣੇ ਵੱਲੋਂ ਕੀਤੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਰਕੇ ਉਹ ਖੱਜਲ ਖੁਆਰ ਹੋ ਰਹੇ ਹਨ।