ਲੁਧਿਆਣਾ: ਮੱਤੇਵਾੜਾ ਦੇ ਜੰਗਲਾਂ ਵਿੱਚ ਟੈਕਸਟਾਈਲ ਪਾਰਕ ਬਣਾਉਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਹੁਣ ਇਸ ਮੁੱਦੇ 'ਤੇ ਸਿਆਸਤ ਵੀ ਗਰਮਾਉਣ ਲੱਗੀ ਹੈ। ਜਿੱਥੇ ਵਿਰੋਧੀ ਪਾਰਟੀਆਂ ਟੈਕਸਟਾਈਲ ਪਾਰਕ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ, ਉਥੇ ਹੀ ਆਮ ਆਦਮੀ ਪਾਰਟੀ ਦੇ ਲੀਡਰ ਇਸ ਨੂੰ ਅਕਾਲੀ ਦਲ ਅਤੇ ਕਾਂਗਰਸ ਸਮੇਂ ਦਾ ਲਿਆਂਦਾ ਹੋਇਆ ਪ੍ਰਾਜੈਕਟ ਦੱਸ ਕੇ ਸਫਾਈਆਂ ਦੇ ਰਹੇ ਹਨ।
ਸ਼੍ਰੋਮਣੀ ਕਮੇਟੀ ਦਾ ਐਲਾਨ: ਉੱਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਮੱਤੇਵਾੜੇ ਜੰਗਲਾਂ ਦੇ ਵਿੱਚ ਟੈਕਸਟਾਈਲ ਪਾਰਕ ਲਾਉਣ 'ਤੇ ਵਿਰੋਧ ਜਤਾਇਆ ਹੈ ਅਤੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਨੇੜੇ ਇੱਕ-ਇੱਕ ਕਿੱਲੇ ਵਿੱਚ ਉਨ੍ਹਾਂ ਵੱਲੋਂ ਜੰਗਲ ਲਾਇਆ ਜਾਵੇਗਾ।
ਮੱਤੇਵਾੜਾ ਜੰਗਲ ਦੇ ਮੁੱਦੇ 'ਤੇ ਘਿਰੀ ਮਾਨ ਸਰਕਾਰ ਦੱਸ ਜੁਲਾਈ ਨੂੰ ਵੱਡਾ ਇਕੱਠ: ਉਧਰ ਵਾਤਾਵਰਣ ਪ੍ਰੇਮੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਸ ਪ੍ਰਾਜੈਕਟ ਦੇ ਵਿਰੋਧ ਵਿੱਚ ਨਿੱਤਰ ਆਇਆ ਹੈ। ਇਸ ਦੇ ਚੱਲਦਿਆਂ ਦੱਸ ਜੁਲਾਈ ਨੂੰ ਲੁਧਿਆਣਾ 'ਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਲ ਹੋਣਗੇ।
ਟੈਕਸਟਾਈਲ ਪਾਰਕ 'ਤੇ ਸਿਆਸਤ: ਮੱਤੇਵਾੜਾ ਜੰਗਲਾਤ ਵਿੱਚ ਟੈਕਸਟਾਈਲ ਪਾਰਕ ਲਾਉਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇੱਕ ਪਾਸੇ ਜਿੱਥੇ ਅਕਾਲੀ ਦਲ ਨੇ ਦੱਸ ਜੁਲਾਈ ਨੂੰ ਹੋਣ ਵਾਲੇ ਇਕੱਠ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਭਗਵੰਤ ਮਾਨ ਜਿਸ ਪਾਰਕ ਦਾ ਵਿਰੋਧ ਕਰ ਰਹੇ ਸਨ ਅਤੇ ਹੁਣ ਖੁਦ ਹੀ ਬਜਟ ਇਜਲਾਸ ਦੇ ਵਿੱਚ ਮੱਤੇਵਾੜਾ ਟੈਕਸਟਾਈਲ ਪਾਰਕ ਨੂੰ ਮਨਜ਼ੂਰੀ ਦੇ ਦਿੱਤੀ।
ਸਾਂਸਦ ਮਾਨ ਵਲੋਂ ਵੀ ਵਿਰੋਧ: ਉੱਧਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਬਠਿੰਡਾ 'ਚ ਪ੍ਰੈੱਸ ਕਾਨਫਰੰਸ ਕਰਕੇ ਮੱਤੇਵਾੜਾ ਮੁੱਦੇ' ਤੇ ਵੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਇਹ ਵਾਤਾਵਰਨ ਲਈ ਘਾਤਕ ਹੈ ਇਸ ਕਰਕੇ ਇਸ ਥਾਂ 'ਤੇ ਟੈਕਸਟਾਈਲ ਪਾਰਕ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਇਸ ਫੈਸਲੇ ਦੇ ਹੱਕ 'ਚ ਨਹੀਂ ਹਨ।
ਮੱਤੇਵਾੜਾ ਜੰਗਲ ਦੇ ਮੁੱਦੇ 'ਤੇ ਘਿਰੀ ਮਾਨ ਸਰਕਾਰ ਵਾਤਾਵਰਣ ਪ੍ਰੇਮੀਆਂ ਨੇ ਚੁੱਕੇ ਸਵਾਲ: ਮੱਤੇਵਾੜਾ ਦੇ ਜੰਗਲਾਂ ਵਿੱਚ ਬਣਨ ਵਾਲੇ ਟੈਕਸਟਾਈਲ ਪਾਰਕ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਵੀ ਇਸ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ਇਸ ਸੰਬੰਧੀ ਵਾਤਾਵਰਣ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਇਕ ਪਬਲਿਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਇਸ 'ਤੇ ਨਜ਼ਰਸਾਨੀ ਹੈ ਅਤੇ ਉਨ੍ਹਾਂ ਦਾ ਤਰਕ ਹੈ ਕਿ ਸਤਲੁਜ ਦੇ ਕੰਢੇ ਇਸ ਤਰ੍ਹਾਂ ਦਾ ਟੈਕਸਟਾਈਲ ਪਾਰਕ ਲਾਉਣ ਨਾਲ ਇੱਥੋਂ ਨਿਕਲਣ ਵਾਲਾ ਵੇਸਟ ਜਾਂ ਤਾਂ ਧਰਤੀ ਵਿੱਚ ਪਾਇਆ ਜਾਵੇਗਾ ਜਾਂ ਫਿਰ ਸਿੱਧਾ ਸਤਲੁਜ ਵਿੱਚ ਛੱਡਿਆ ਜਾਵੇਗਾ।
ਇਹ ਵੀ ਪੜ੍ਹੋ:'ਕੋਰਟ 'ਚ ਪੂਰੇ ਸਬੂਤ ਪੇਸ਼ ਨਾ ਕਰਕੇ ਕਾਂਗਰਸ ਤੇ ਅਕਾਲੀ ਦਲ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦੇ ਰਹੇ'
ਸਤਲੁਜ ਦਰਿਆ ਦਾ ਪਾਣੀ ਹੋਵੇਗਾ ਦੂਸ਼ਿਤ: ਉਨ੍ਹਾਂ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਦਾ ਪਾਣੀ ਬੁਰੀ ਤਰ੍ਹਾਂ ਦੂਸ਼ਿਤ ਹੋਵੇਗਾ ਅਤੇ ਇਸ ਨਾਲ ਭਿਆਨਕ ਬਿਮਾਰੀਆਂ ਫੈਲਣਗੀਆਂ, ਜਿਸ 'ਤੇ ਠੱਲ੍ਹ ਪਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਬੁੱਢਾ ਨਾਲਾ ਸਾਡੇ ਸਾਹਮਣੇ ਇੱਕ ਵੱਡੀ ਉਦਾਹਰਨ ਹੈ, ਜਿਸ ਨੂੰ ਲੁਧਿਆਣਾ ਦੀਆਂ ਫੈਕਟਰੀਆਂ ਨੇ ਇੰਨਾ ਕੁ ਪ੍ਰਦੂਸ਼ਿਤ ਕਰ ਦਿੱਤਾ ਕਿ ਉੱਥੇ ਦੇ ਨੇੜੇ-ਤੇੜੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ, ਕਿਉਂਕਿ ਧਰਤੀ ਹੇਠਲੇ ਪਾਣੀ ਗੰਦੇ ਹੋ ਚੁੱਕੇ ਹਨ।
ਮੱਤੇਵਾੜਾ ਜੰਗਲ ਦੇ ਮੁੱਦੇ 'ਤੇ ਘਿਰੀ ਮਾਨ ਸਰਕਾਰ ਕਾਂਗਰਸ ਤੇ ਭਾਜਪਾ ਨੇ ਵੀ ਚੁੱਕੇ ਸਵਾਲ:ਮੱਤੇਵਾੜਾ ਜੰਗਲ 'ਚ ਟੈਕਸਟਾਈਲ ਪਾਰਕ ਬਣਾਉਣ ਨੂੰ ਲੈਕੇ ਕਾਂਗਰਸ ਅਤੇ ਭਾਜਪਾ ਵਲੋਂ ਵੀ ਸਰਕਾਰ 'ਤੇ ਸਵਾਲ ਚੁੱਕੇ ਗਏ ਹਨ। ਇਸ ਸਬੰਧੀ ਭਾਜਪਾ ਆਗੂ ਦਾ ਕਹਿਣਾ ਕਿ ਮੁੱਖ ਮੰਤਰੀ ਮਾਨ ਪਹਿਲਾਂ ਇਸ ਟੈਕਸਟਾਈਲ ਪਾਰਕ ਦਾ ਵਿਰੋਧ ਕਰਦੇ ਸਨ ਪਰ ਹੁਣ ਸੱਤਾ 'ਚ ਆ ਕੇ ਹੀ ਉਸ ਦੇ ਹੱਕ 'ਚ ਹੋ ਗਏ। ਉਨ੍ਹਾਂ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਦੂਸ਼ਿਤ ਹੋਵੇਗਾ। ਕਾਂਗਰਸੀ ਆਗੂ ਦਾ ਵੀ ਕਹਿਣਾ ਕਿ ਆਪ ਵਲੋਂ ਵਿਰੋਧੀ ਧਿਰ 'ਚ ਹੁੰਦਿਆਂ ਇਸ ਦਾ ਵਿਰੋਧ ਕੀਤਾ ਸੀ ਅਤੇ ਹੁਣ ਇਸ ਦੇ ਹੱਕ 'ਚ ਹੈ। ਉਨ੍ਹਾਂ ਕਿਹਾ ਕਿ ਇਸ ਟੈਕਸਟਾਈਲ ਪਾਰਕ ਨਾਲ ਹਵਾ ਅਤੇ ਪਾਣੀ ਦੋਵੇਂ ਦੂਸ਼ਿਤ ਹੋਣਗੇ।
ਸਰਕਾਰ ਘਿਰੀ: ਉਧਰ ਮੱਤੇਵਾੜਾ ਟੈਕਸਟਾਈਲ ਪਾਰਕ ਦੇ ਮੁਦੇ 'ਤੇ ਹੁਣ ਸਰਕਾਰ ਘਿਰਦੀ ਵਿਖਾਈ ਦੇ ਰਹੀ ਹੈ। ਜਿਥੇ ਆਪ ਦੇ ਵਿਧਾਇਕ ਬੁੱਢੇ ਨਾਲੇ ਨੂੰ ਮੁੜ ਬੁੱਢਾ ਦਰਿਆ ਬਣਾਉਣ ਦੇ ਦਾਅਵੇ ਕਰ ਰਹੇ ਹਨ। ਓਥੇ ਹੀ ਮੱਤੇਵਾੜਾ ਮਾਮਲੇ 'ਤੇ ਉਨ੍ਹਾਂ ਕੋਲ ਕੋਈ ਸਪੱਸ਼ਟ ਜਵਾਬ ਨਹੀਂ ਹੈ। ਲੁਧਿਆਣਾ ਤੋਂ ਆਪ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਸਰਕਾਰ ਨੇ ਇਸ ਸਬੰਧੀ ਇਕ ਕਮੇਟੀ ਬਣਾਈ ਹੈ, ਉਨ੍ਹਾਂ ਕਿਹਾ ਕਿ ਬਿਨਾਂ ਐਨ.ਓ.ਸੀ ਦੇ ਜ਼ਮੀਨ ਐਕਵਾਇਰ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ:ਪਿੰਡ ਮੂਸਾ ਪਹੁੰਚੇ ਸਿਮਰਨਜੀਤ ਸਿੰਘ ਮਾਨ, ਮੂਸੇਵਾਲਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ