ਲੁਧਿਆਣਾ: ਮੁੱਲਾਂਪੁਰ ਦਾਖਾ ਦੇ ਪਿੰਡ ਮੰਡਿਆਣੀ ਕਲਾਂ 'ਚ 5 ਨੌਜਵਾਨਾਂ ਵੱਲੋਂ ਇੱਕ ਨਵ ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਕੁੜੀ ਲੁਧਿਆਣਾ ਦੇ ਹੈਬੋਵਾਲ ਦੀ ਰਹਿਣ ਵਾਲੀ ਹੈ ਅਤੇ ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ।
ਲੁਧਿਆਣਾ 'ਚ ਨਵ ਵਿਆਹੁਤਾ ਮਹਿਲਾ ਨਾਲ 5 ਮੁਲਜ਼ਮਾਂ ਨੇ ਕੀਤਾ ਜਬਰ ਜਨਾਹ ਉਕਤ ਦੋਸ਼ੀਆਂ ਨੇ ਉਸ ਨੂੰ ਵਿਆਹ 'ਚ ਮਹਿੰਦੀ ਲਗਾਉਣ ਦਾ ਕਹਿ ਕੇ ਐਮਬੀਡੀ ਮਾਲ ਨੇੜੇ ਬੁਲਾਇਆ ਸੀ, ਜਿੱਥੋਂ ਕਿ ਇਹ ਦੋਸ਼ੀ ਉਸ ਨੂੰ ਪਿੰਡ ਮੰਡਿਆਣੀ ਸਥਿਤ ਇੱਕ ਕੋਠੀ ਵਿੱਚ ਲੈ ਗਏ ਅਤੇ ਉੱਥੇ ਪੰਜ ਨੌਜਵਾਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਜਬਰ ਜਨਾਹ ਕਰਨ ਉਪਰੰਤ ਦੋਸ਼ੀ ਕੁੜੀ ਨੂੰ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।
ਥਾਣਾ ਦਾਖਾ ਦੇ DSP ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਪੀੜਤ ਕੁੜੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ ਤੇ ਜਲਦੀ ਹੀ ਕੁੜੀ ਨਾਲ ਗੈਂਗਰੇਪ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਗੁਰਬੰਸ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਦੀ ਸ਼ਨਾਖ਼ਤ ਉਨ੍ਹਾਂ ਵੱਲੋਂ ਕਰ ਲਈ ਗਈ ਹੈ ਅਤੇ ਜਿਸ ਗੱਡੀ ਦੇ ਵਿੱਚ ਉਹ ਕੁੜੀ ਨੂੰ ਲੈ ਕੇ ਗਏ ਸਨ ਉਸ ਦੀ ਸ਼ਨਾਖਤ ਵੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੀੜਤਾਂ ਨੂੰ 2 ਮੁੰਡੇ ਕਾਰ ਵਿੱਚ ਲੈ ਕੇ ਗਏ ਸਨ ਅਤੇ ਜਿਸ ਥਾਂ 'ਤੇ ਲੈ ਕੇ ਗਏ ਉਥੇ ਪਹਿਲਾਂ ਤੋਂ ਹੀ ਤਿੰਨ ਮੁੰਡੇ ਸਨ ਅਤੇ ਇਨ੍ਹਾਂ ਸਾਰਿਆਂ ਵੱਲੋਂ ਹੀ ਪੀੜਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ।