ਲੁਧਿਆਣਾ: ਲੁਧਿਆਣਾ ਦੇ ਨੌਘਰਾ ਸਥਿਤ ਸ਼ਹੀਦ ਸੁਖਦੇਵ ਥਾਪਰ ਜੀ ਦੇ ਜਨਮ ਸਥਾਨ 'ਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਨੇ ਪਹੁੰਚ ਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤਾਂ ਉਥੇ ਹੀ ਹੱਥ 'ਚ ਮੈਡਲ ਫੜ ਕੇ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੀ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾਵੇ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸਮਾਜ ਸੇਵੀ ਕੁਮਾਰ ਗੌਰਵ ਵੀ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਏ।
ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਕੁਮਾਰ ਗੌਰਵ ਨੇ ਕਿਹਾ ਕਿ ਹਾਲਤ ਇਹ ਹੈ ਕਿ ਗੋਲਡ ਮੈਡਲਿਸਟ ਖਿਡਾਰੀ ਆਪਣਾ ਗੁਜ਼ਾਰਾ ਚਲਾਉਣ ਲਈ ਦਿਹਾੜੀਆਂ ਕਰਨ ਨੂੰ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਕੋਈ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਤਾਂ ਕੋਈ ਖੇਤਾਂ 'ਚ ਕੰਮ ਕਰਕੇ ਆਪਣੇ ਘਰ ਖਰਚ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਹਾਲਾਤਾਂ 'ਚ ਖਿਡਾਰਿਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੀ ਨੌਕਰੀ ਦੇਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਨੇ ਕਬਨਿਟ ਮੰਤਰੀ ਰਾਣਾ ਸੋਢੀ ਨੂੰ ਵੀ ਨਿਸ਼ਾਨੇ ਉੱਤੇ ਲਿਆ ਅਤੇ ਕਿਹਾ ਕਿ ਉਹ ਖੇਡ ਮੰਤਰੀ ਹੋਣ ਦੇ ਬਾਵਜੂਦ ਖਿਡਾਰੀਆਂ ਵੱਲ ਧਿਆਨ ਨਹੀਂ ਦੇ ਰਹੇ।