ਲੁਧਿਆਣਾ:ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਵਿਧਾਇਕ ਐਕਸ਼ਨ ਮੋਡ ਵਿੱਚ ਹਨ। ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਮਲਹਾਰ ਰੋਡ ਸਰਾਭਾ ਨਗਰ ਕਿਪਸ ਮਾਰਕੀਟ ਵਿੱਚ ਹੋਏ ਕੰਮਾਂ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਆਪ ਵਿਧਾਇਕ ਗੋਗੀ ਨੇ ਚੁੱਕੇ ਸਵਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਇਕ ਪ੍ਰੈੱਸ ਕਾਨਫਰੰਸ ਕਰਕੇ ਸਿੱਧੇ ਤੌਰ ’ਤੇ ਬੀਤੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੇ ਨਾ ਸਿਰਫ਼ ਸਵਾਲ ਖੜੇ ਕੀਤੇ ਸਗੋਂ ਕੰਮਾਂ ਦੀ ਜਾਂਚ ਕਰਵਾਉਣ ਅਤੇ ਨਵੇਂ ਸਿਰੇ ਤੋਂ ਕੰਮ ਕਰਵਾਉਣ ਦਾ ਦਾਅਵਾ ਵੀ ਕੀਤਾ।
ਲੁਧਿਆਣਾ ਤੋਂ ਪੱਛਮੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੀਤੀ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਜੋ ਮਲਹਾਰ ਰੋਡ ਸਰਾਭਾ ਨਗਰ ਮਾਰਕੀਟ ਦੇ ਵਿੱਚ ਇੰਟਰਲੌਕ ਟਾਈਲਾਂ ਦੇ ਕੰਮ ਹੋਏ ਹਨ ਉਸ ਵਿਚ ਵੱਡੀਆਂ ਧਾਂਦਲੀਆਂ ਹੋਈਆਂ ਹਨ ਜਿਸ ਦੀ ਜਾਂਚ ਕਰਵਾਉਣਗੇ ਅਤੇ ਮੁੜ ਤੋਂ ਇਹ ਸਾਰੇ ਕੰਮ ਕਰਵਾਏ ਜਾਣਗੇ।
ਉਧਰ ਦੂਜੇ ਪਾਸੇ ਸਾਂਝੇ ਤੌਰ ’ਤੇ ਨਾਲ ਬੈਠੇ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਜਦੋਂ ਸਾਡੀ ਟੀਮ ਨੇ ਸਵਾਲ ਪੁੱਛਿਆ ਕਿ ਕੀ ਪਿਛਲੀ ਸਰਕਾਰ ਵੱਲੋਂ ਕੰਮ ਸਹੀ ਨਹੀਂ ਕਰਵਾਏ ਗਏ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਕੋਈ ਵਾਜਬ ਜਵਾਬ ਨਾ ਦਿੰਦਿਆਂ ਕਿਹਾ ਕਿ ਵਿਕਾਸ ਦੇ ਕੰਮ ਹਮੇਸ਼ਾ ਚੱਲਦੇ ਰਹਿੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰਾ ਕੁਝ ਹਾਊਸ ਦੀ ਆਗਿਆ ਦੇ ਨਾਲ ਹੋਇਆ ਹੈ ਜੇਕਰ ਕੁਝ ਵੀ ਹੋਵੇਗਾ ਇਸ ਦੀ ਦੁਬਾਰਾ ਜਾਂਚ ਕਰਵਾਈ ਜਾ ਰਹੀ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਬੀਤੀ ਸਰਕਾਰ ਨੇ ਕੰਮ ਸਹੀ ਨਹੀਂ ਕੀਤਾ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ
ਜ਼ਿਕਰ-ਏ-ਖਾਸ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਪੱਛਮੀ ਹਲਕੇ ਦੇ ਉਮੀਦਵਾਰ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੋਏ ਕੰਮਾਂ ਵਿੱਚ ਵੱਡੀ ਧਾਂਦਲੀਆਂ ਵੱਲ ਇਸ਼ਾਰਾ ਕਰਦੇ ਰਹੇ ਸਨ। ਗੁਰਪ੍ਰੀਤ ਗੋਗੀ ਜੋ ਕਿ ਖੁਦ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਉਨ੍ਹਾਂ ਨੂੰ ਹਲਕੇ ਤੋਂ ਵਿਧਾਇਕ ਚੁਣਿਆ ਗਿਆ ਅਤੇ ਹੁਣ ਉਨ੍ਹਾਂ ਨੇ ਕਿਹਾ ਕਿ ਜੋ ਕੰਮ ਪਿਛਲੇ ਸਾਲਾਂ ਦੇ ਵਿੱਚ ਹੋਏ ਹਨ ਉਨ੍ਹਾਂ ਸਾਰਿਆਂ ਦੀ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜੋ:ਕਿਰਪਾਨ ਸਣੇ ਗੁਰਸਿੱਖ ਨੌਜਵਾਨ ਨੂੰ ਮੈਟਰੋ ਅੰਦਰ ਜਾਣ ਤੋਂ ਰੋਕਿਆ, ਐਸਜੀਪੀਸੀ ਨੇ ਲਿਆ ਨੋਟਿਸ