ਲੁਧਿਆਣਾ: ਦਿੱਲੀ ਕੌਮੀ ਸ਼ਾਹਰਾਹ 'ਤੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਈ ਤਦਾਦ 'ਚ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਕੇ ਸੜਕਾਂ 'ਤੇ ਉਤਰ ਆਏ ਅਤੇ ਪ੍ਰਦਰਸ਼ਨ ਕਰਨ ਲੱਗੇ। ਇਸ ਦੌਰਾਨ ਇਨ੍ਹਾਂ ਮਜ਼ਦੂਰਾਂ ਨੇ ਪੁਲਿਸ ਪ੍ਰਸ਼ਾਸ਼ਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ 'ਤੇ ਪੈਸੇ ਲੈ ਕੇ ਟਿਕਟ ਵੇਚਣ ਦੇ ਇਲਜ਼ਾਮ ਲਗਾਏ।
ਲੁਧਿਆਣਾ 'ਚ ਦਿੱਲੀ ਕੌਮੀ ਸ਼ਾਹਰਾਹ 'ਤੇ ਪ੍ਰਵਾਸੀ ਮਜ਼ਦੂਰਾਂ ਨੇ ਲਾਇਆ ਵੱਡਾ ਜਾਮ, ਪੁਲਿਸ ਨੇ ਕੀਤਾ ਲਾਠੀਚਾਰਜ - lathicharge
ਆਪਣੇ ਘਰਾਂ ਨੂੰ ਭੇਜੇ ਜਾਣ ਦੀ ਮੰਗ ਨੂੰ ਲੈ ਕੇ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੇ ਲੁਧਿਆਣਾ ਵਿੱਚ ਕੌਮੀ ਸ਼ਾਹਰਾਹ ਨੂੰ ਬੰਦ ਕਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮਜ਼ਦੂਰਾਂ ਨੇ ਪੁਲਿਸ 'ਤੇ ਘਰ ਭੇਜਣ ਦੇ ਬਦਲੇ ਪੈਸੇ ਮੰਗਣ ਦੇ ਇਲਜ਼ਾਮ ਵੀ ਲਗਾਏ।
ਇਸੇ ਦੌਰਾਨ ਇਨ੍ਹਾਂ ਮਜ਼ਦੂਰਾਂ ਨੂੰ ਖਦੇੜਨ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਦਾ ਵੀ ਸਹਾਰਾ ਲਿਆ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਲੋਕ ਹੁਣ ਤੰਗ ਆ ਚੁੱਕੇ ਨੇ, ਪੈਸੇ ਖ਼ਤਮ ਹੋ ਗਏ ਨੇ ਅਤੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਇਸ ਕਰਕੇ ਮਜ਼ਬੂਰਨ ਉਨ੍ਹਾਂ ਨੂੰ ਸੜਕਾਂ 'ਤੇ ਉੱਤਰਨਾ ਪੈ ਰਿਹਾ ਹੈ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਤੰਗ ਨੇ ਅਤੇ ਪੁਲਿਸ ਵੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਮਜ਼ਦੂਰਾਂ ਨੇ ਪੁਲਿਸ 'ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਵਾਪਸ ਭੇਜਣ ਦੇ ਬਦਲੇ ਪੈਸੇ ਮੰਗੇ ਜਾ ਰਹੇ ਹਨ। ਹਾਲਾਂਕਿ ਜਦੋਂ ਇਸ ਸਬੰਧੀ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।