ਲੁਧਿਆਣਾ: ਐੱਸਟੀਐੱਫ ਲੁਧਿਆਣਾ ਰੇਂਜ ਦੀ ਪੁਲਿਸ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਐੱਸਟੀਐੱਫ ਵੱਲੋਂ ਇੱਕ ਕਿਲੋਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ
ਸੂਬੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਅਤੇ ਨਸ਼ੇ ਉੱਤੇ ਠੱਲ ਪਾਉਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਸਖ਼ਤ ਕਾਰਵਾਈ ਜਾਰੀ ਹੈ। ਇਸ ਕੜੀ ਵਿੱਚ ਲੁਧਿਆਣਾ ਪੁਲਿਸ ਦੀ ਐੱਸਟੀਐੱਫ ਟੀਮ ਨੇ ਇੱਕ ਕਿਲੋਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਲੁਧਿਆਣਾ ਦੇ ਇੰਚਾਰਜ ਹਸਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਟਿੱਬਾ ਰੋਡ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਐੱਸਟੀਐੱਫ ਟੀਮ ਦੇ ਅਧਿਕਾਰੀਆਂ ਨੇ ਮੁਲਜ਼ਮਾਂ ਕੋਲੋਂ 1 ਕਿੱਲੋ ਹੈਰੋਇਨ ਅਤੇ ਇੱਕ ਇਲੈਕਟ੍ਰੋਨਕ ਤੱਕੜੀ ਵੀ ਬਰਾਮਦ ਕੀਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਉੱਤੇ ਪਹਿਲਾਂ ਕਈ ਮਾਮਲੇ ਦਰਜ ਹਨ। ਇਨ੍ਹਾਂ ਚੋਂ ਇੱਕ ਉੱਤੇ ਨਸ਼ਾ ਤਸਕਰੀ , ਇਰਾਦਾ ਕਤਲ ਦੇ 7 ਮਾਮਲੇ ਦਰਜ ਹਨ ਅਤੇ ਉਹ 4 ਮੁਕੱਦਮਿਆਂ ਵਿੱਚ ਸਜ਼ਾ ਵੀ ਕੱਟ ਚੁੱਕਾ ਹੈ। ਦੂਜੇ ਮੁਲਜ਼ਮ 'ਤੇ ਵੀ ਦੋ ਮਾਮਲੇ ਦਰਜ ਹਨ। ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।