ਲੁਧਿਆਣਾ: ਖੇਤੀ ਸੁਧਾਰ ਕਾਨੂੰਨਾਂ ਖਿਲਾਫ ਕਿਸਾਨਾਂ ਨੂੰ ਸਮਰਥਨ ਦੇਣ ਲਈ ਅੱਜ ਸ਼ਹਿਰ ਵਾਸੀਆਂ ਵੱਲੋਂ ਇੱਕਜੁਟਤਾ ਵਿਖਾਈ ਗਈ। ਸ਼ਹਿਰ ਵਾਸੀਆਂ ਨੇ ਇੱਕ ਬੈਨਰ ਹੇਠ ਇਕੱਠੇ ਹੋ ਕੇ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਸਮਰਥਨ ਦੇ ਵਿੱਚ ਜਾਮਾ ਮਸਜਿਦ ਦੇ ਨਾਇਬ ਇਮਾਮ ਸਣੇ ਕਈ ਪੰਜਾਬੀ ਗਾਇਕ ਵੀ ਇਕੱਠੇ ਹੋਏ।
ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਕਿਸਾਨਾਂ ਦੇ ਹੱਕ 'ਚ ਨਿੱਤਰੇ ਸ਼ਹਿਰ ਵਾਸੀ ਤੇ ਪੰਜਾਬੀ ਗਾਇਕ - ਕੰਵਰ ਗਰੇਵਾਲ ਤੇ ਮਹਿਤਾਬ ਵਿਰਕ
ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਜੱਥੇਬੰਦੀਆਂ, ਪੰਜਾਬੀ ਗਾਇਕਾਂ ਤੇ ਕਲਾਕਾਰਾਂ ਨੇ ਕਿਸਾਨਾਂ ਦੇ ਧਰਨੀਆਂਂ 'ਚ ਸ਼ਮੂਲੀਅਤ ਕਰ ਉਨ੍ਹਾਂ ਦਾ ਸਮਰਥਨ ਕੀਤਾ ਹੈ। ਇਸੇ ਕੜੀ 'ਚ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਮੌਕੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਮਹਿਤਾਬ ਵਿਰਕ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੇ।
ਇਸ ਦੌਰਾਨ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਮਹਿਤਾਬ ਵਿਰਕ ਵਿਸ਼ੇਸ਼ ਤੌਰ 'ਤੇ ਪਹੁੰਚੇ। ਕਿਸਾਨਾਂ ਦੇ ਹੱਕ 'ਚ ਸਮਰਥਨ ਕਰਦਿਆਂ ਸ਼ਹਿਰ ਵਾਸੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਨਾਇਬ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਅੱਜ ਸਾਨੂੰ ਸਭ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇਹ ਸਭ ਦੀ ਸਾਂਝੀ ਤਕਲੀਫ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਸੜਕਾਂ ਉੱਤੇ ਉਤਰ ਕੇ ਧਰਨੇ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਮੁਸਲਿਮ ਭਾਈਚਾਰੇ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਖਿਆ ਕਿ ਇਹ ਮਹਿਜ਼ ਕਿਸਾਨਾਂ ਦਾ ਹੀ ਨਹੀਂ ਸਗੋਂ ਸਭ ਦਾ ਸਾਂਝਾ ਸੰਘਰਸ਼ ਹੈ। ਇਸ ਦਾ ਸਿਆਸੀਕਰਣ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ 'ਚ ਜੋਸ਼ ਹੈ ਤੇ ਕਿਸਾਨਾਂ ਦੇ ਹੱਕ 'ਚ ਉਤਰ ਕੇ ਸਰਕਾਰ ਤੋਂ ਸਿੱਧੀ ਟੱਕਰ ਲੈ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਕੰਵਰ ਗਰੇਵਾਲ ਨੇ ਕਿਹਾ ਕਿ ਅੰਦੋਲਨ ਹਮੇਸ਼ਾ ਇੱਕ ਵੱਡੀ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਆਖਿਆ ਕਿ ਅੱਜ ਸਾਨੂੰ ਸਭ ਨੂੰ ਕਿਸਾਨਾਂ ਦੇ ਹੱਕ 'ਚ ਇੱਕਜੁਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਤੇ ਖੇਤੀ ਨੂੰ ਬਚਾਇਆ ਜਾ ਸਕੇ।