ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕਰਫਿਊ ਦੇ ਦੌਰਾਨ ਲੋਕਾਂ ਨੂੰ ਲੋੜ ਪੈਣ 'ਤੇ ਐਮਰਜੈਂਸੀ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਮੀਨੀ ਪੱਧਰ 'ਤੇ ਇਹ ਦਾਅਵੇ ਖੋਖਲੇ ਪੈਂਦੇ ਨਜ਼ਰ ਆ ਰਹੇ ਹਨ। ਇੱਕੋ ਮਹੀਨੇ 'ਚ ਦੂਜੀ ਵਾਰ ਮੁੜ ਤੋਂ ਸ਼ਹਿਰ ਦੇ ਸਰਕਾਰੀ ਈਐਸਆਈਸੀ ਹਸਪਤਾਲ ਦਾ ਮਾਮਲਾ ਸਾਹਮਣੇ ਆਇਆ ਹੈ।
ਕਰਫਿਊ ਕਾਰਨ ਆਮ ਮਰੀਜ਼ ਪਰੇਸ਼ਾਨ, ਪਤਨੀ ਨੂੰ ਇਲਾਜ ਲਈ ਸਾਈਕਲ 'ਤੇ ਲਿਜਾਉਣ ਲਈ ਮਜਬੂਰ ਪਤੀ
ਲੁਧਿਆਣਾ 'ਚ ਮੁੜ ਇੱਕ ਵਾਰ ਦਿਲ ਦਹਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਕਰਫਿਊ ਦੇ ਚਲਦੇ ਆਮ ਮਰੀਜ਼ਾਂ ਨੂੰ ਬੇਹਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀੜਤ ਮਜ਼ਦੂਰ ਅਜਾਇਬ ਸਿੰਘ ਨੇ ਦੱਸਿਆ ਕਿ ਉਹ ਮੱਲਾਪੁਰ ਦਾ ਰਹਿਣ ਵਾਲਾ ਹੈ। ਕੁੱਝ ਦਿਨ ਪਹਿਲਾਂ ਉਸ ਦੀ ਪਤਨੀ ਦੇ ਸਿਰ 'ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇੱਕ ਹਫਤੇ ਇਲਾਜ ਤੋਂ ਬਾਅਦ ਉਹ ਆਪਣੀ ਪਤਨੀ ਦੀ ਛੂਟੀ ਕਰਵਾ ਘਰ ਵਾਪਸ ਲਿਜਾ ਰਿਹਾ ਹੈ ਪਰ ਸਿਰ 'ਚ ਸੱਟ ਕਾਰਨ ਉਸ ਦੀ ਪਤਨੀ ਅਜੇ ਤੱਕ ਚੰਗੀ ਤਰ੍ਹਾਂ ਠੀਕ ਨਹੀਂ ਹੋ ਸਕੀ। ਇਹ ਸਭ ਜਾਣਦੇ ਹੋਏ ਵੀ ਡਾਕਟਰਾਂ ਵੱਲੋਂ ਮਰੀਜ਼ ਮਹਿਲਾ ਨੂੰ ਐਂਬੂਲੈਂਸ ਜਾਂ ਕੋਈ ਹੋਰ ਸਾਧਨ ਦੀ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਡਾਕਟਰਾਂ ਤੇ ਹਸਪਤਾਲ ਵੱਲੋਂ ਉਨ੍ਹਾਂ ਨੂੰ ਐਂਬੂਲੈਂਸ ਦੀ ਸੁਵਿਧਾ ਨਹੀਂ ਦਿੱਤੀ ਗਈ। ਇਸ ਲਈ ਮਜ਼ਬੂਰਨ ਉਨ੍ਹਾਂ ਨੂੰ ਸਾਈਕਲ 'ਤੇ ਹੀ ਘਰ ਵਾਪਸ ਪਰਤਣਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਸ਼ਹਿਰ 'ਚ ਏਐਸਆਈ ਹਸਪਤਾਲ ਦੇ ਦੋ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਐਂਬੂਲੈਂਸ ਦੀ ਸੁਵਿਧਾ ਨਹੀਂ ਮਿਲਣ ਕਾਰਨ ਆਪਣੀ ਪਤਨੀ ਸਾਈਕਲ 'ਤੇ ਹੀ ਦੂਜੇ ਹਸਪਤਾਲ ਲਿਜਾਣਾ ਪਿਆ। ਦੂਜੇ ਮਾਮਲੇ 'ਚ ਹਸਪਤਾਲ ਦੇ ਡਾਕਟਰਾਂ ਵੱਲੋਂ ਇੱਕ ਗਰਭਵਤੀ ਮਹਿਲਾਂ ਨੂੰ ਬਿਨ੍ਹਾਂ ਐਂਮਬੂਲੈਂਸ ਦੀ ਸੁਵਿਧਾ ਦੇ ਪ੍ਰਾਈਵੇਟ ਲੈਬ 'ਚ ਅਲਟਰਾਸਾਊਂਡ ਕਰਵਾਉਣ ਲਈ ਭੇਜਿਆ ਗਿਆ ਸੀ, ਜਦਕਿ ਉਸ ਦੀ ਡੀਲਵਰੀ ਨੇੜੇ ਸੀ।