ਲੁਧਿਆਣਾ : ਵਿਸ਼ਵ ਭਰ ਦੇ ਲੋਕ ਕੋਰੋਨਾ ਮਹਾਂਮਾਰੀ ਨਾਲ ਜੁਝ ਰਹੇ ਹਨ। ਅਜਿਹੇ 'ਚ ਲੁਧਿਆਣਾ ਦੇ 62 ਸਾਲਾ ਮੇਜਰ ਸਿੰਘ ਨੇ ਚਾਈਨਾ ਦੇ ਮੁਕਾਬਲੇ ਸਸਤਾ ਭਾਰਤੀ ਵੈਂਟੀਲੇਟਰ ਤਿਆਰ ਕੀਤਾ ਹੈ। ਇਸ ਵੈਂਟੀਲੇਟਰ ਨੂੰ ਤਿਆਰੀ ਕਰਨ ਲਈ ਉਨ੍ਹਾਂ ਨੇ ਆਪਣੀ ਜਿੰਦਗੀ ਭਰ ਦੀ ਜਮਾਂ ਪੂੰਜੀ ਲਗਾ ਦਿੱਤੀ।
ਮੇਜਰ ਸਿੰਘ ਨੇ ਤਿਆਰ ਕੀਤਾ ਭਾਰਤੀ ਵੈਂਟੀਲੇਟਰ ਜਾਣਕਾਰੀ ਮੁਤਾਬਕ ਮੇਜਰ ਸਿੰਘ ਪੇਸ਼ੇ ਤੋਂ ਇੱਕ ਕਾਰੋਬਾਰੀ ਹਨ ਅਤੇ ਉਹ ਯੂਨਾਈਟਿਡ ਨੇਸ਼ਨ ਦੇ ਕਈ ਪ੍ਰਾਜੈਕਟਾਂ ਨਾਲ ਵੀ ਜੁੜੇ ਰਹੇ ਹਨ। ਮੇਜਰ ਸਿੰਘ ਨੇ ਗੁਰੂ ਨਾਨਕ ਲਾਂਡਰਿੰਗ ਕਾਲਜ ਤੋਂ ਸਾਲ 1978 'ਚ ਇੰਜੀਨਰਿੰਗ ਕੀਤੀ ਸੀ।
ਇਸ ਵੈਂਟੀਲੇਟਰ ਬਾਰੇ ਦੱਸਦੇ ਹੋਏ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਵੈਂਟੀਲੇਟਰ ਚਾਈਨਾਂ ਨਾਲੋਂ ਲਗਭਗ 40 ਫੀਸਦੀ ਸਸਤਾ ਹੈ। ਲੌਕਡਾਊਨ ਦੇ ਦੌਰਾਨ ਵੈਂਟੀਲੇਟਰਾਂ ਦੀ ਕਮੀ ਨੂੰ ਵੇਖਦੇ ਹੋਏ ਉਨ੍ਹਾਂ ਦੇ ਮਨ 'ਚ ਇਸ ਵੈਂਟੀਲੇਟਰ ਨੂੰ ਤਿਆਰ ਕਰਨ ਦਾ ਖਿਆਲ ਆਇਆ। ਉਨ੍ਹਾਂ ਨੇ ਲੌਕਡਾਊਨ ਦੌਰਾਨ ਆਪਣਾ ਪੂਰਾ ਸਮਾਂ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਦਿੱਤਾ। ਉਨ੍ਹਾਂ ਦੱਸਿਆ ਕਿ ਸਾਲ 2017 'ਚ ਉਹ ਯੂਨਾਈਟਿਡ ਨੇਸ਼ਨ ਨਾਲ ਜੁੜੇ ਪ੍ਰਾਜੈਕਟਾਂ ਤੋਂ ਰਿਟਾਇਰ ਹੋਏ ਹਨ।
ਮੇਜਰ ਸਿੰਘ ਨੇ ਦੱਸਿਆ ਕਿ ਇਸ ਨੂੰ ਬਣਾਉਣ ਦੀ ਲੋੜ ਉਨ੍ਹਾਂ ਨੂੰ ਉਸ ਸਮੇਂ ਮਹਿਸੂਸ ਹੋਈ ਜਦੋਂ ਲੁਧਿਆਣਾ ਦੇ ਇੱਕ ਹਸਪਤਾਲ 'ਚ ਪਟਿਆਲਾ ਤੋਂ ਇਲਾਜ ਲਈ ਰੈਫਰ ਕੀਤੀ ਗਈ ਇੱਕ ਕੋਰੋਨਾ ਪੀੜਤ ਮਹਿਲਾ ਦੀ ਵੈਂਟੀਲੇਟਰ ਨਾ ਮਿਲਣ ਦੇ ਚਲਦੇ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਸਸਤਾ ਤੇ ਭਾਰਤੀ ਵੈਂਟੀਲੇਟਰ ਤਿਆਰ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਇਸ ਤੋਂ ਬਾਅਦ ਹੁਣ ਉਹ ਮਾਸਕ ਤਿਆਰ ਕਰਨ ਦੀ ਮਸ਼ੀਨ ਤਿਆਰ ਕਰਨ ਲਈ ਕੰਮ ਕਰ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੋਹਾਂ ਪ੍ਰੋਜੈਕਟਾਂ ਉੱਤੇ ਆਪਣੇ ਜੀਵਨ ਭਰ ਦੀ ਜਮਾਂ ਪੂੰਜੀ ਲਾ ਚੁੱਕੇ ਹਨ ਤੇ ਹੁਣ ਤੱਕ ਉਹ 40 ਲੱਖ ਰੁਪਏ ਖਰਚ ਕਰ ਚੁੱਕੇ ਹਨ। ਉਨ੍ਹਾਂ ਸਰਕਾਰ ਕੋਲੋਂ ਉਨ੍ਹਾਂ ਵੱਲੋਂ ਤਿਆਰ ਕੀਤੇ ਵੈਂਟੀਲੇਟਰ ਨੂੰ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਸਰਕਾਰੀ ਹਸਪਤਾਲਾਂ 'ਚ ਲਗਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸੇ ਵੀ ਹਸਪਤਾਲ ਦੇ ਵਿੱਚ ਸਿਰਫ ਇੰਟਰਨਲ ਆਕਸੀਜਨ ਪਾਈਪ ਦੇ ਨਾਲ ਹੀ ਫਿੱਟ ਹੋ ਸਕਦਾ ਹੈ, ਜੋ ਕਿ ਅਸਾਨ, ਸਸਤਾ ਤੇ ਟਿਕਾਉ ਹੈ।