ਲੁਧਿਆਣਾ: ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ "ਚਿੱਟੇ ਵਾਲੀ ਭਾਬੀ" ਨਾਂਅ ਦੀ ਇੱਕ ਮਸ਼ਹੂਰ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਕਾਬੂ ਕੀਤਾ। ਲੁਧਿਆਣਾ ਪੁਲਿਸ ਨੇ ਇੱਕ ਇਰਾਦਾ ਕਤਲ ਦੇ ਮਾਮਲੇ ਵਿੱਚ ਲੋੜੀਂਦੀ ਪਰਮਿੰਦਰ ਕੌਰ ਉਰਫ਼ "ਚਿੱਟੇ ਵਾਲੀ ਭਾਬੀ" ਨੂੰ 8 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਨਸ਼ੇ ਸਮੇਤ ਕਾਬੂ ਕੀਤੀ 'ਚਿੱਟੇ ਵਾਲੀ ਭਾਬੀ' - ਮੁਲਜ਼ਮ
ਲੁਧਿਆਣਾ ਪੁਲਿਸ ਨਸ਼ੇ ਦੀ ਤਸਕਰੀ ਕਰਨ ਵਾਲੀ ਇੱਕ ਔਰਤ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ। ਜੋਂ ਕਿ "ਚਿੱਟੇ ਵਾਲੀ ਭਾਬੀ" ਦੇ ਨਾਂਅ ਨਾਲ ਮਸ਼ਹੂਰ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਪਰਮਿੰਦਰ ਕੌਰ, ਉਸ ਦਾ ਪਤੀ ਅਤੇ ਭਰਾ ਨੇ ਆਪਣੇ ਗੁਆਂਢੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਇਹ ਤਿੰਨੋਂ ਲੋੜੀਂਦੇ ਸਨ। ਜਿਨ੍ਹਾਂ ਵਿੱਚੋਂ ਇਸ ਔਰਤ ਦਾ ਪਤੀ ਅਤੇ ਭਰਾ ਪਹਿਲਾ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਹੁਣ ਇਸ ਨੂੰ ਵੀ ਉਨ੍ਹਾਂ ਦੀ ਹੀ ਨਿਸ਼ਾਨ ਦੇਹੀ 'ਤੇ ਕਾਬੂ ਕੀਤਾ ਗਿਆ ਹੈ।
ਏਡੀਸੀਪੀ ਨੇ ਕਿਹਾ ਕਿ ਪਰਮਿੰਦਰ ਕੌਰ ਦਾ ਪਹਿਲਾ ਵੀ ਅਪਰਾਧਿਕ ਪਿਛੋਕੜ ਹੈ ਅਤੇ ਉਹ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਰਹਿ ਕੇ ਜਮਾਨਤ 'ਤੇ ਬਾਹਰ ਆਈ ਹੈ। ਉਨ੍ਹਾਂ ਕਿਹਾ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਏਡੀਸੀਪੀ ਤੇਜਾ ਨੇ ਕਿਹਾ ਕਿ ਪੁਲਿਸ ਇਸ ਤੋਂ ਹੋਰ ਵੀ ਪੁੱਛ-ਗਿੱਛ ਕਰ ਰਹੀ ਹੈ। ਉਨ੍ਹਾਂ ਕਿਹਾ ਇਸ ਨੇ ਜੋ ਜਾਇਦਾਦ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਹੈ, ਉਸ ਨੂੰ ਵੀ ਕਬਜ਼ੇ ਵਿੱਚ ਲਿਆ ਜਾਵੇਗਾ।