ਲੁਧਿਆਣਾ : ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ ਤੋਂ ਇਸ ਵਾਰ ਦੇਸ਼ ਨੂੰ 325 ਜਵਾਨ ਮਿਲੇ ਹਨ। ਇਸ ਵਾਰ ਪੰਜਾਬ ਦੇ 15 ਨੌਜਵਾਨਾਂ ਨੇ ਆਈਐਮਏ ਤੋਂ ਸਿਖਲਾਈ ਲੈ ਕੇ ਅਫਸਰ ਬਣ ਖ਼ੁਦ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਇਨ੍ਹਾਂ ਚੋਂ ਲੁਧਿਆਣਾ ਦੇ 22 ਸਾਲਾ ਵਤਨਦੀਪ ਸਿੰਘ ਨੇ ਆਈਐਮਏ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਵਾਰਡ ਆਫ ਆਨਰ ਦਾ ਸਨਮਾਨ ਹਾਸਲ ਕੀਤਾ ਹੈ।
ਵਤਨਦੀਪ ਦੀ ਇਸ ਉਪਲੱਬਧੀ ਲਈ ਉਸਦਾ ਪਰਿਵਾਰ ਕਾਫੀ ਖੁਸ਼ ਹੈ। ਲੈਫਟੀਨੈਂਟ ਵਤਨਦੀਪ ਸਿੰਘ ਤੇ ਪਰਿਵਾਰ ਨੇ ਈਟੀਵੀ ਭਾਰਤ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।
ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਤਨਦੀਪ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਉਸ ਨੇ ਆਪਣੀ ਸਕੂਲ ਤੇ ਕਾਲੇਜ ਦੀ ਪੜਾਈ ਮਾਤਾ-ਪਿਤਾ ਤੋਂ ਵੱਖ ਰਹਿੰਦੇ ਹੋਏ ਆਰਮੀ ਸਕੂਲ ਵਿੱਚ ਕੀਤੀ। ਇਸ ਤੋਂ ਬਾਅਦ ਉਸ ਨੇ ਪਹਿਲਾਂ ਰਾਸ਼ਟਰੀ ਆਰਮੀ ਸੰਸਥਾ ਤੇ ਬਾਅਦ 'ਚ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ ) 'ਚ ਦਾਖਲਾ ਲਿਆ। ਵਤਨਦੀਪ ਸਿੰਘ ਨੇ ਦੱਸਿਆ ਕਿ ਉਹ ਅਫਸਰ ਬਣ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ, ਇਸ ਦੇ ਲਈ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਵਾਰਡ ਆਫ ਆਨਰ ਦਾ ਸਨਮਾਨ ਮਿਲਿਆ। ਲੈਫਟੀਨੈਂਟ ਵਤਨਦੀਪ ਸਿੰਘ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਮਾਤਾ-ਪਿਤਾ ਤੇ ਪਰਿਵਾਰ ਵੱਲੋਂ ਭਰਪੂਰ ਸਾਥ ਮਿਲਿਆ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਜਾਣ ਦੀ ਬਜਾਏ ਆਪਣੇ ਦੇਸ਼ 'ਚ ਰਹਿੰਦੇ ਹੋਏ ਆਰਮੀ ਨੂੰ ਬਤੌਰ ਪ੍ਰੋਫੈਸ਼ਨ ਅਪਣਾਉਣ ਲਈ ਪ੍ਰੇਰਤ ਕੀਤਾ। ਵਤਨਦੀਪ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਲਈ ਜੇਕਰ ਆਪਣੀ ਜਾਨ ਵੀ ਵਾਰ ਦਿੰਦੇ ਨੇ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇਗਾ