ਲੁਧਿਆਣਾ:ਜਿਥੇ ਇੱਕ ਪਾਸੇ ਸਰਕਾਰ ਵੱਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਧੀਆਂ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਤੇ ਸਰਕਾਰ ਦਾ ਵਿਰੋਧ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਫੈਡਰੇਸ਼ਨ ਆਫ ਇੰਡਸਟ੍ਰੀਅਲ ਅਤੇ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਦੇਸ਼ ਨੂੰ ਬਚਾਉਣ ਲਈ ਮੁਕੰਮਲ ਤੌਰ ’ਤੇ ਲੌਕਡਾਊਨ ਲਗਾਇਆ ਜਾਵੇ। ਉਨ੍ਹਾਂ ਕਿਹਾ ਭਾਵੇਂ ਇਹ ਲੌਕਡਾਊਨ ਤਿੰਨ ਦਿਨ ਦਾ ਲਗਾਇਆ ਜਾਵੇ ਪਰ ਇਸ ਦੌਰਾਨ ਸਾਰੀਆਂ ਦੁਕਾਨਾਂ ਸਾਰੀਆਂ ਸੇਵਾਵਾਂ ਬੰਦ ਰਹਿਣ ਸਿਰਫ ਹਸਪਤਾਲ ਅਤੇ ਐਮਰਜੈਂਸੀ ਨੂੰ ਹੀ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਚੇਨ ਨੂੰ ਤੋੜਨਾ ਹੈ ਤਾਂ ਇਹ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਲੋਕ ਮਰਦੇ ਰਹਿਣਗੇ ਅਤੇ ਕੋਰੋਨਾ ਮਹਾਂਮਾਰੀ ਹੋਰ ਵੀ ਵੱਧ ਫੈਲਦੀ ਰਹੇਗੀ।
ਇਹ ਵੀ ਪੜੋ: ਨਿੱਜੀ ਹਸਪਤਾਲਾਂ ’ਤੇ ਨਕੇਲ: ਕੋਰੋਨਾ ਮਰੀਜ਼ਾਂ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਤੈਅ ਕੀਤੇ ਰੇਟ
ਗੁਰਮੀਤ ਸਿੰਘ ਕੁਲਾਰ ਨੇ ਸਾਰੀ ਟੀਮ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2 ਪੱਤਰ ਲਿਖੇ ਨੇ ਇੱਕ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਮੁਕੰਮਲ ਲੌਕਡਾਊਨ ਲਗਾਇਆ ਜਾਵੇ ਅਤੇ ਦੂਜੀ ਮੰਗ ਕੀਤੀ ਹੈ ਕਿ ਟੀਕਾਕਰਨ ਦੀ ਰਫ਼ਤਾਰ ਨੂੰ ਵਧਾਇਆ ਜਾਵੇ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕੀਤਾ ਜਾਵੇ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ ਸਾਈਕਲ ਦੀਆਂ ਦੁਕਾਨਾਂ ਨੂੰ ਪੂਰਾ ਦਿਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸ਼ਰਾਬ ਦੇ ਠੇਕਿਆਂ ਨਾਲੋਂ ਸਾਈਕਲ ਦੀਆਂ ਦੁਕਾਨਾਂ ਖੁੱਲ੍ਹਣੀਆਂ ਜ਼ਿਆਦਾ ਜ਼ਰੂਰੀ ਨਹੀਂ ਕਿਉਂਕਿ ਉਹ ਲੋਕਾਂ ਦੀ ਸਿਹਤ ਨੂੰ ਚੰਗਾ ਕਰਦੀਆਂ ਨੇ ਨਾ ਕਿ ਖ਼ਰਾਬ। ਉਨ੍ਹਾਂ ਲਗਾਤਾਰ ਲੁਧਿਆਣਾ ਤੋਂ ਜਾ ਰਹੀ ਲੇਬਰ ਬਾਰੇ ਵੀ ਕਿਹਾ ਕਿ ਯੂਪੀ, ਬਿਹਾਰ ਵਿੱਚ ਹਾਲਾਤ ਪੰਜਾਬ ਨਾਲੋਂ ਕਿਤੇ ਜ਼ਿਆਦਾ ਖ਼ਰਾਬ ਨੇ ਇਸ ਕਰਕੇ ਉਹ ਪਰਵਾਸੀ ਲੇਬਰ ਉਨ੍ਹਾਂ ਦੇ ਸੂਬਿਆਂ ਨਾਲੋਂ ਪੰਜਾਬ ਵਿਚ ਜ਼ਿਆਦਾ ਸੁਰੱਖਿਅਤ ਹੈ।