ਲੁਧਿਆਣਾ: ਅੱਜ ਪੂਰੇ ਦੇਸ਼ 'ਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਕਈ ਸਿਆਸੀ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿਥੇ ਇੱਕ ਪਾਸੇ ਪੂਰਾ ਦੇਸ਼ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ, ਉਥੇ ਹੀ ਸ਼ਹੀਦ ਦੇ ਪਰਿਵਾਰ ਸਰਕਾਰਾਂ ਤੋਂ ਨਾਖੁਸ਼ ਨਜ਼ਰ ਆਏ ਕਿਉਂਕਿ ਸਰਕਾਰਾਂ ਵੱਡੇ-ਵੱਡੇ ਵਾਅਦੇ ਤਾਂ ਕਰਦੀਆਂ ਹਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕਰਦਿਆਂ।
ਸਾਲ 1999 'ਚ ਹੋਈ ਕਾਰਗਿਲ ਜੰਗ 'ਚ ਪੰਜਾਬ ਦੇ ਕਈ ਨੌਜਵਾਨ ਫੌਜੀ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦਾਂ 'ਚ ਤਹਿਸੀਲ ਸਮਰਾਲਾ ਦੇ ਪਿੰਡ ਇਰਾਕ ਦੇ ਹਵਲਦਾਰ ਦਰਸ਼ਨ ਸਿੰਘ ਦਾ ਨਾਂਅ ਵੀ ਆਉਂਦਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਸ਼ਹਾਦਤ 4-10-1999 ਨੂੰ ਕਾਰਗਿਲ ਜੰਗ ਦੇ ਦੌਰਾਨ ਦੁਸ਼ਮਣਾਂ ਨਾਲ ਲੜਦਿਆਂ ਹੋਈ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਸ਼ਹਾਦਤ 'ਤੇ ਮਾਣ ਹੈ।
ਉਹ ਜਿਥੇ ਵੀ ਜਾਂਦੇ ਹਨ ਉਥੇ ਉਨ੍ਹਾਂ ਨੂੰ ਸ਼ਹੀਦ ਦੀ ਪਤਨੀ ਦਾ ਦਰਜਾ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪਤੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 'ਚ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਉਨ੍ਹਾਂ ਦੇ ਪਤੀ ਦੇ ਨਾਂਅ 'ਤੇ ਰੱਖਣ ਤੇ ਯਾਦਗਾਰ ਬਣਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਅਖਿਆ ਕਿ ਕਾਰਗਿਲ ਵਿਜੇ ਦਿਵਸ ਮੌਕੇ ਸਰਕਾਰਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਕਈ ਕੰਮ ਕਰਨ ਦੇ ਵੱਡੇ-ਵੱਡੇ ਵਾਅਦੇ ਕਰਦੀਆਂ ਹਨ, ਪਰ ਜ਼ਮੀਨੀ ਪੱਧਰ 'ਤੇ ਕੁੱਝ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਕਦੇ ਸ਼ਹੀਦਾਂ ਦੇ ਪਰਿਵਾਰ ਦੀ ਸਾਰ ਨਹੀਂ ਲੈਂਦੀ, ਜਿਸ ਕਾਰਨ ਉਹ ਪੰਜਾਬ ਸਰਕਾਰ ਤੋਂ ਖਫ਼ਾ ਹਨ।