ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਦਾ ਸਕੰਟ ਦਿਨੋਂ ਦਿਨ ਡੂੰਘਾ ਹੀ ਹੁੰਦਾ ਜਾ ਰਿਹਾ ਹੈ । ਇਸੇ ਨੂੰ ਲੈ ਕੇ ਸਰਕਾਰ ਵੀ ਇੱਕ ਵਾਰ ਮੁੜ ਹਰਕਤ ਵਿੱਚ ਆਈ ਵਿਖਾਈ ਦਿੰਦੀ ਹੈ। ਪੰਜਾਬ ਸਰਕਾਰ ਨੇ ਜਿੱਥੇ ਕਰਫਿਊ ਤੋਂ ਬਾਅਦ ਆਮ ਲੋਕਾਂ ਲਈ ਕਈ ਤਰ੍ਹਾਂ ਢਿੱਲਾਂ ਦਿੱਤੀਆਂ ਸਨ, ਉਨ੍ਹਾਂ ਢਿੱਲਾਂ ਵਿੱਚ ਮੁੜ ਕਟੌਤੀ ਕੀਤੀ ਹੈ। ਪੰਜਾਬ ਸਰਕਾਰ ਨੇ ਇਸ ਨਾਲ ਹੀ ਵਿਆਹ ਸਮਾਗਮਾਂ ਵਿੱਚ 30 ਲੋਕਾਂ ਦੇ ਸ਼ਾਮਲ ਹੋਣ ਦੀ ਹੀ ਆਗਿਆ ਦਿੱਤੀ ਹੈ। ਇਸ ਨਾਲ ਜਿੱਥੇ ਪਹਿਲਾਂ ਤੋਂ ਆਰਥਿਕ ਮੰਦੀ ਨਾਲ ਜੂਝ ਰਹੀ ਹੋਟਲ ਸਨਅਤ 'ਤੇ ਮੁੜ ਮੰਦੀ ਦੇ ਕਾਲੇ ਬੱਦਲ ਛਾਅ ਗਏ ਹਨ। ਹੋਟਲ ਸਨਅਨਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਥੋੜ੍ਹਾ ਜਿਹਾ ਚੱਲਿਆ ਸੀ ਪਰ ਸਰਕਾਰ ਦੇ ਇਸ ਫੈਸਲੇ ਨਾਲ ਇੱਕ ਵਾਰ ਮੁੱੜ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿੰਨ੍ਹਾਂ ਲੋਕਾਂ ਨੇ ਬੁਕਿੰਗਾਂ ਕਰਵਾਈਆਂ ਸਨ ਹੁਣ ਉਹ ਕੈਂਸਲ ਕਰਵਾ ਰਹੇ ਹਨ।
ਲੁਧਿਆਣਾ ਦੇ ਇੱਕ ਮਸ਼ਹੂਰ ਨਿੱਜੀ ਹੋਟਲ ਦੇ ਐੱਮਡੀ ਗੁਰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਜਦੋਂ ਸਰਕਾਰ ਨੇ 50 ਲੋਕਾਂ ਨੂੰ ਵਿਆਹ 'ਚ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਸੀ ਤਾਂ ਉਹ ਛੋਟੇ ਪ੍ਰੋਗਰਾਮ ਕਰਵਾਉਣ ਲੱਗ ਗਏ ਸਨ। ਹੁਣ ਇਸ ਵਿੱਚ ਕਟੌਤੀ ਕਰਕੇ 30 ਕਰ ਦਿੱਤੀ ਗਈ ਹੈ ਅਤੇ ਘੱਟ ਲੋਕਾਂ 'ਚ ਪ੍ਰੋਗਰਾਮ ਕਰਵਾਉਣੇ ਸੰਭਵ ਨਹੀਂ। ਇਸ ਨਾਲ ਨਾ ਤਾਂ ਹੋਟਲ ਦਾ ਖਰਚਾ ਪੂਰਾ ਹੋਵੇਗਾ ਅਤੇ ਨਾ ਹੀ ਵਿਆਹ ਕਰਵਾਉਣ ਵਾਲੇ ਹੋਟਲ ਬੁੱਕ ਕਰਵਾਉਣਗੇ।