ਲੁਧਿਆਣਾ: ਪੂਰੇ ਉੱਤਰ ਭਾਰਤ ਦੇ ਨਾਲ ਏਸ਼ੀਆ ਤੱਕ ਲੁਧਿਆਣਾ ਦੀ ਪਹਿਚਾਣ ਹੌਜ਼ਰੀ ਲਈ ਹੈ, ਪਰ ਬੀਤੇ ਦੋ ਸਾਲ ਤੋਂ ਲਗਾਤਾਰ ਆ ਰਹੀ ਹੌਜ਼ਰੀ ਇੰਡਸਟਰੀ ਵਿੱਚ ਨਿਘਾਰ ਕਰਕੇ ਹੁਣ ਹੌਜ਼ਰੀ ਇੰਡਸਟਰੀ ਬੰਦ ਹੋਣ ਦੀ ਕਗਾਰ 'ਤੇ ਆ ਗਈ ਹੈ। ਹਾਲਾਤ ਅਜਿਹੇ ਹਨ ਕਿ ਕੰਮ ਮਹਿਜ਼ 30 ਤੋਂ ਲੈ ਕੇ 40 ਫ਼ੀਸਦੀ ਹੀ ਰਹਿ ਗਿਆ ਹੈ। ਖਾਸ ਕਰਕੇ ਵੱਡੇ ਪਲਾਂਟ ਤਾਂ ਕਿਸੇ ਤਰ੍ਹਾਂ ਆਪਣਾ ਢੰਗ ਚਲਾ ਰਹੇ ਹਨ ਪਰ ਛੋਟੇ ਹੌਜ਼ਰੀ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਇਨ੍ਹਾਂ ਦੀ ਨਾ ਤਾਂ ਸਰਕਾਰ ਬਾਂਹ ਫੜ ਰਹੀ ਹੈ ਅਤੇ ਨਾ ਹੀ ਰੁਕਿਆ ਬਕਾਇਆ ਉਨ੍ਹਾਂ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਹੌਜ਼ਰੀ ਵਪਾਰੀਆਂ ਨੇ ਕਿਹਾ ਕਿ ਬੀਤੇ ਸਾਲ ਕੇਂਦਰ ਸਰਕਾਰ ਵੱਲੋਂ ਆਰਥਿਕ ਪੈਕੇਜ ਦੇਣ ਕਰਕੇ ਉਨ੍ਹਾਂ ਨੂੰ ਰਾਹਤ ਜ਼ਰੂਰ ਮਿਲ ਗਈ ਸੀ ਪਰ ਇਸ ਵਾਰ ਸੂਬਾ ਸਰਕਾਰ ਦੀ ਮਾੜੀ ਨੀਤੀ ਉਨ੍ਹਾਂ ਤੇ ਭਾਰੂ ਪਈ ਹੈ ਅਤੇ ਹੁਣ ਹੌਜ਼ਰੀ ਇੰਡਸਟਰੀ ਖ਼ਤਮ ਹੋਣ ਕੰਢੇ ਹੈ...
ਵਪਾਰੀਆਂ ਦਾ ਕਹਿਣਾ ਕਿ 'ਚ ਹੌਜ਼ਰੀ ਲਈ ਦੂਰੋਂ ਦੂਰੋਂ ਵਪਾਰੀ ਖ਼ਰੀਦਦਾਰੀ ਕਰਨ ਆਉਂਦੇ ਸਨ। ਖਾਸ ਕਰਕੇ ਜੰਮੂ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਜਿੱਥੇ ਜ਼ਿਆਦਾ ਠੰਢ ਪੈਂਦੀ ਹੈ, ਉੱਥੋਂ ਵੱਡੀ ਤਾਦਾਦ 'ਚ ਛੋਟੇ ਕਾਰੋਬਾਰੀ ਆਰਡਰ ਲੈ ਕੇ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਕਿ ਮੌਜੂਦਾ ਸਮੇਂ 'ਚ ਹਾਲਾਤ ਇਹ ਹਨ ਕਿ ਕੋਈ ਆਰਡਰ ਲੈਣ ਨਹੀਂ ਆ ਰਿਹਾ, ਕਿਉਂਕਿ ਦੁਕਾਨਾਂ ਬੰਦ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੋ ਆਰਡਰ ਪਹਿਲਾਂ ਹੀ ਤਿਆਰ ਕੀਤਾ ਹੋਇਆ ਹੈ, ਉਹ ਸਟੋਰਾਂ 'ਚ ਸਟਾਕ ਹੈ।