ਲੁਧਿਆਣਾ: ਰਾਏਕੋਟ ਦੇ ਪਿੰਡ ਹੇਰਾਂ ਵਿਖੇ ਸਥਿਤ ਪਾਵਰਕਾਮ ਦੇ 66 ਕੇਵੀ ਬਿਜਲੀ ਗਰਿੱਡ ਵਿੱਚ ਦੇਰ ਸ਼ਾਮ 5.30 ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀਆਂ ਉੱਚੀਆਂ ਉੱਠ ਰਹੀਆਂ ਲਪਟਾਂ ਅਤੇ ਧੂੰਏਂ ਕਾਰਨ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਦੇ ਬਿਜਲੀ ਗਰਿੱਡ ਪਿੰਡ ਹੇਰਾਂ ਵਿਖੇ 66 ਕੇਵੀ ਪਾਵਰ ਦੇ ਦੋ ਟਰਾਂਸਫਾਰਮਰ ਲੱਗੇ ਹੋਏ ਹਨ। ਜਿਨ੍ਹਾਂ 'ਚੋਂ 10-12/2 ਦੇ ਟਰਾਂਸਫਾਰਮਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਨੇ ਚੰਦ ਹੀ ਪਲਾਂ ਵਿੱਚ ਵਿਕਰਾਲ ਰੂਪ ਧਾਰਨ ਕਰ ਲਿਆ।
ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਹੋਇਆ ਭਾਰੀ ਨੁਕਸਾਨ ਸੂਚਨਾ ਮਿਲਣ 'ਤੇ ਭਾਰਤੀ ਹਵਾਈ ਸੈਨਾ ਹਲਵਾਰਾ, ਜਗਰਾਉਂ ਅਤੇ ਲੁਧਿਆਣਾ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਘੰਟਿਆਂ ਬੱਧੀ ਮੁਸ਼ੱਕਤ ਬਾਅਦ ਅੱਗ ਉਪਰ ਕਾਬੂ ਪਾ ਲਿਆ ਹੈ। ਪ੍ਰੰਤੂ ਉਦੋਂ ਤੱਕ ਨੁਕਸਾਨ ਹੋ ਚੁੱਕਿਆ ਸੀ।
ਇਸ ਸੰਬੰਧੀ ਪਾਵਰਕਾਮ ਮੁੱਲਾਂਪੁਰ ਦੇ ਧਰਮ ਪਾਲ ਐਸਡੀਓ, ਜਸਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਠੋਸ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਸਗੋਂ ਵਿਭਾਗ ਦੀ ਉੱਚ ਪੱਧਰੀ ਜਾਂਚ ਕਮੇਟੀ ਹੀ ਜਾਂਚ ਉਪਰੰਤ ਕਾਰਨਾਂ ਦੀ ਸਹੀ ਜਾਣਕਾਰੀ ਦੱਸ ਸਕੇਗੀ।
ਪ੍ਰੰਤੂ ਇਸ ਅੱਗ ਨਾਲ ਤਕਰੀਬਨ ਦੋ ਤੋਂ ਢਾਈ ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਗੋਂ ਅੱਗ ਲੱਗਣ ਕਾਰਨ ਆਲੇ ਦੁਆਲੇ ਦੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਜਿਸ ਨੂੰ ਚਲਾਉਣ ਲਈ ਵੱਡੇ ਪੱਧਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ।