ਲੁਧਿਆਣਾ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਖੰਨਾ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਜਿੱਥੇ ਉਨ੍ਹਾਂ ਹਸਪਤਾਲਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਉਥੇ ਹੀ ਹਸਪਤਾਲਾਂ ਦੀਆਂ ਬੁਨਿਆਦੀ ਲੋੜਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ। ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਖੰਨਾ ਦੀ ਕੀਤੀ ਅਚਨਚੇਤ ਚੈਕਿੰਗ - ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਿਵਲ ਹਸਪਤਾਲ ਖੰਨਾ ਦੇ ਅਚਨਚੇਤ ਦੌਰਾ ਕਰਨ ਪੁਜੇ। ਇਥੇ ਉਨ੍ਹਾਂ ਨੇ ਹਸਪਤਾਲ ਵੱਲੋਂ ਮਰੀਜਾਂ ਨੂੰ ਮੁੱਹਇਆ ਕਰਵਾਈ ਜਾਣ ਵਾਲੀ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮਰੀਜਾਂ ਨਾਲ ਮੁਲਾਕਾਤ ਕੀਤੀ ਤੇ ਮਰੀਜਾਂ ਦੀਆਂ ਮੁਸ਼ਕਲਾਂ ਨੂੰ ਜਲਦ ਹੱਲ ਕੀਤੇ ਜਾਣ ਦੇ ਆਦੇਸ਼ ਦਿੱਤੇ।
ਇਸ ਦੌਰੇ ਦੇ ਦੌਰਾਨ ਇਹ ਪਾਇਆ ਗਿਆ ਕਿ ਸਿਵਲ ਹਸਪਤਾਲ ਖੰਨਾਂ 'ਚ ਹੱਡੀ ਰੋਗਾਂ ਦੇ ਮਾਹਿਰ 4 ਡਾਕਟਰ ਤਾਇਨਾਤ ਹਨ, ਜਿਨ੍ਹਾਂ ਚੋਂ 3 ਹਾਜ਼ਰ ਸਨ। ਜਦਕਿ ਓ. ਪੀ. ਡੀ. ਸਿਰਫ਼ 56 ਮਰੀਜਾਂ ਦੀ ਦਰਜ ਕੀਤੀ ਗਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੇ ਹਸਪਤਾਲਸ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜਿਸ ਹਸਪਤਾਲ 'ਚ ਲੋੜ ਤੋਂ ਵਧੇਰੇ ਇੱਕ ਬਿਮਾਰੀ ਦੇ ਮਾਹਿਰ ਡਾਕਟਰ ਤਾਇਨਾਤ ਹਨ, ਉਨ੍ਹਾਂ ਦਾ ਤੁਰੰਤ ਰੈਸ਼ਨੇਲਾਈਜੇਸ਼ਨ ਕੀਤੀ ਜਾਵੇ। ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਆਏ ਮਰੀਜਾਂ ਨਾਲ ਮੁਲਾਕਾਤ ਕੀਤੀ ਅਤੇ ਮਰੀਜਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਹੱਲ ਕੀਤੇ ਜਾਣ ਲਈ ਸਿਵਲ ਸਰਜਨ ਅਤੇ ਹਸਪਤਾਲ ਪ੍ਰਬੰਧਕਾਂ ਨੂੰ ਆਦੇਸ਼ ਦਿੱਤੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਸੂਬੇ 'ਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਹੋਣ ਨਾਲ ਸਾਰੇ ਸਰਕਾਰੀ ਹਸਪਤਾਲਾਂ ਤੋਂ ਕਾਫੀ ਹੱਦ ਤੱਕ ਬੋਝ ਘਟਣ ਲੱਗਾ ਹੈ। ਯੋਜਨਾ ਲਾਗੂ ਹੋਣ ਨਾਲ ਇਨ੍ਹਾਂ ਹਸਪਤਾਲਾਂ 'ਚ ਮਰੀਜ਼ ਬਿਨ੍ਹਾਂ ਕਿਸੇ ਖ਼ਰਚੇ ਦੇ ਮੁਫ਼ਤ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ 10 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਦੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਲਈ ਕੋਈ ਕੰਮ ਨਹੀਂ ਕੀਤਾ। ਇਸ ਕਾਰਨ ਸੂਬੇ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਸੀ। ਹੁਣ ਪਿਛਲੇ ਢਾਈ ਸਾਲਾਂ ਦੌਰਾਨ ਕੈਪਟਨ ਸਰਕਾਰ ਵੱਲੋਂ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਦੀ ਵੱਡੇ ਪੱਧਰ 'ਤੇ ਭਰਤੀ ਕੀਤੀ ਗਈ ਹੈ।ਜਿਸ ਨਾਲ ਸਿਹਤ ਸਹੂਲਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।