ਪੰਜਾਬ

punjab

ਅਯੁੱਧਿਆ 'ਚ ਦਸਮ ਪਾਤਾਸ਼ਹ ਨੇ ਨਹੀਂ ਭੇਜੀ ਫੌਜ, ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੀਤਾ ਜਾ ਰਿਹੈ ਪੇਸ਼ : ਡਾ ਅਨੁਰਾਗ

By

Published : Nov 11, 2019, 9:58 PM IST

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਯੁੱਧਿਆ 'ਚ ਆਪਣੀ ਫ਼ੌਜ ਭੇਜਣ ਅਤੇ ਰਾਮ-ਜਨਮ ਭੂਮੀ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਉਣ ਦੀ ਖਬਰ ਨੂੰ ਡਾ. ਅਨੁਰਾਗ ਨੇ ਖਾਰਜ਼ ਕਰ ਦਿੱਤਾ ਹੈ।

ਫ਼ੋਟੋ।

ਲੁਧਿਆਣਾ : ਸਿੱਖ ਇਤਿਹਾਸਕਾਰ ਡਾ. ਅਨੁਰਾਗ ਸਿੰਘ ਨੇ ਅਯੁੱਧਿਆ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੋਈ ਵੀ ਫ਼ੌਜ ਭੇਜਣ ਤੋਂ ਇਨਕਾਰ ਕੀਤਾ ਹੈ। ਮੀਡੀਆ ਦੇ ਹਵਾਲੇ ਤੋਂ ਅਤੇ ਦਿਗੰਬਰ ਅਖਾੜਾ ਦੇ ਪ੍ਰਮੁੱਖ ਮਹੰਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਯੁੱਧਿਆ 'ਚ ਆਪਣੀ ਫ਼ੌਜ ਭੇਜਣ ਅਤੇ ਰਾਮ-ਜਨਮ ਭੂਮੀ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਉਣ ਦੀ ਖਬਰ ਨੂੰ ਡਾ. ਅਨੁਰਾਗ ਨੇ ਖਾਰਿਜ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਮ-ਜਨਮ ਭੂਮੀ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਉਣ ਲਈ ਅਯੁੱਧਿਆ ਵਿੱਚ ਫ਼ੌਜ ਨਹੀਂ ਭੇਜੀ ਗਈ ਸੀ। ਉਨ੍ਹਾਂ ਨੇ ਕਿਹਾ ਕਿ 1671 ਵਿੱਚ ਜ਼ਰੂਰ ਪਟਨਾ ਸਾਹਿਬ ਤੋਂ ਵਾਪਿਸ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਅਯੁੱਧਿਆ ਗਏ ਸਨ ਪਰ ਉਨ੍ਹਾਂ ਵੱਲੋਂ ਕੋਈ ਵੀ ਫ਼ੌਜ ਭੇਜਣ ਦਾ ਪੂਰੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਹੈ।

ਵੀਡੀਓ

ਡਾ. ਅਨੁਰਾਗ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਅਯੁੱਧਿਆ ਸੰਨ 1671 ਈਸਵੀ ਗਏ ਸਨ, ਜਦੋਂ ਉਹ ਮਹਿਜ਼ 4 ਜਾਂ 5 ਸਾਲ ਦੇ ਸਨ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿੱਚ ਅਤੇ ਵਿਦਵਾਨਾਂ ਵੱਲੋਂ ਲਿਖੇ ਕਿਸੇ ਵੀ ਸਿੱਖ ਇਤਿਹਾਸ ਦੇ ਸਰੋਤ ਤੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਗੁਰੂ ਸਾਹਿਬ ਨੇ ਕਦੇ ਸਿੱਖ ਫ਼ੌਜ ਅਯੁੱਧਿਆ ਭੇਜੀ ਸੀ।

ਵੀਡੀਓ

ਉਨ੍ਹਾਂ ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਏ ਫ਼ੈਸਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾ ਕੇ ਰਾਮ ਜੀ ਦੀ ਪੂਜਾ ਕਰਨ ਜਾ ਜ਼ਿਕਰ ਕਰਨ ਬਾਰੇ ਵੀ ਚੱਲ ਰਹੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਯੁੱਧਿਆ ਰਾਮ-ਜਨਮ ਭੂਮੀ ਹੈ, ਪਰ ਇਸ ਨੂੰ ਸਿੱਖ ਇਤਿਹਾਸ ਦੇ ਨਾਲ ਜੋੜ ਕੇ ਸਿਰਫ਼ ਸਿਆਸਤ ਹੋ ਰਹੀ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਐੱਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਵਿੱਚ ਮਸ਼ਰੂਫ ਹੋਣ ਕਾਰਨ ਉਹ ਇਸ ਤੋਂ ਬਾਅਦ ਇਸ ਮਾਮਲੇ ਵੱਲ ਗ਼ੌਰ ਫਰਮਾਉਣਗੇ। ਡਾ. ਅਨੁਰਾਗ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਸਿੱਖ ਇਤਿਹਾਸ ਸਬੰਧੀ ਜੋ ਸਾਖੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਯੁੱਧਿਆ ਜਾ ਕੇ ਕਦੇ ਵੀ ਪੂਜਾ ਨਹੀਂ ਕੀਤੀ ਸੀ।

ਵੀਡੀਓ

ਉਨ੍ਹਾਂ ਕਿਹਾ ਕਿ ਭਾਈ ਬਾਲਾ ਦੀ ਜਨਮਸਾਖੀ ਜਾਂ ਪੁਰਾਤਨ ਜਨਮ ਸਾਖੀਆਂ ਵਿੱਚ ਇਸ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਦੁਆਰ ਵਿੱਚ ਗੁਰਦੁਆਰਾ ਗਿਆਨ ਗੋਦੜੀ ਦੀ ਜਾਂ ਸਿੱਕਿਮ ਵਿੱਚ ਗੁਰਦੁਆਰਾ ਸਾਹਿਬ ਦੀ ਕੋਈ ਗੱਲ ਨਹੀਂ ਕਰਦਾ ਜਦੋਂ ਕਿ ਉਸ ਦਾ ਇਤਿਹਾਸ ਵੀ ਹੈ। ਡਾ. ਅਨੁਰਾਗ ਸਿੰਘ ਨੇ ਕਿਹਾ ਕਿ ਵੰਡ ਦੇ ਸਮੇਂ ਧਰਮ 'ਤੇ ਕੀਤੀ ਗਈ ਸਿਆਸਤ ਕਾਰਨ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਕਰਕੇ ਧਾਰਮਿਕ ਮੁੱਦਿਆਂ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤਦਾਨਾਂ ਨੂੰ ਇਨ੍ਹਾਂ ਮੁੱਦਿਆਂ ਤੋਂ ਵੱਖ ਰਹਿਣਾ ਚਾਹੀਦਾ ਹੈ।

ਵੀਡੀਓ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਯੁੱਧਿਆ 'ਚ ਸਿੰਘਾਂ ਦੀ ਫੌਜ ਭੇਜਣ ਅਤੇ ਮੁਗ਼ਲਾਂ ਤੋਂ ਰਾਮ ਜਨਮ ਭੂਮੀ ਰਿਹਾਅ ਕਰਵਾਉਣ ਦੀਆਂ ਮੀਡੀਆ ਅਤੇ ਹਿੰਦੂ ਜਥੇਬੰਦੀਆਂ ਦੀਆਂ ਰਿਪੋਰਟਾਂ ਨੂੰ ਡਾ. ਅਨੁਰਾਗ ਸਿੰਘ ਨੇ ਸਿਰੇ ਤੋਂ ਖਾਰਿਜ ਕਰਦਿਆਂ, ਇਸ 'ਤੇ ਸ਼੍ਰੋਮਣੀ ਕਮੇਟੀ ਨੂੰ ਸਖਤ ਐਕਸ਼ਨ ਲੈਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕੁਝ ਸਿੱਖ ਜਥੇਬੰਦੀਆਂ ਦੇ ਆਗੂ ਹੀ ਸਿੱਖ ਕੌਮ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ।

ABOUT THE AUTHOR

...view details