ਲੁਧਿਆਣਾ: ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੇ ਵਿਚ ਇਕ ਵੱਡਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਜਾਬ ਭਰ ਤੋਂ ਸਾਰੇ ਹੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੱਖਿਆ ਵਿਭਾਗ ਨਾਲ ਜੁੜੇ ਹੋਏ ਅਧਿਕਾਰੀਆਂ ਨੂੰ ਸੱਦਿਆ ਗਿਆ, ਇਸ ਦੌਰਾਨ ਲਗਭਗ 2600 ਦੇ ਕਰੀਬ ਪ੍ਰਿੰਸੀਪਲ ਪਹੁੰਚੇ।
ਇਸ ਦੌਰਾਨ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਦੀ ਨੀਤੀ ਵਿਚ ਵੱਡਾ ਬਦਲਾਅ ਕਰਨ ਦੀ ਲੋੜ ਹੈ। ਸਾਡੇ ਵਿਦਿਆਰਥੀ ਅੱਜ ਵੀ ਨੰਬਰਾਂ ਦੀ ਹੋੜ ਚ ਲੱਗੇ ਹੋਏ ਹਨ ਜਦਕਿ ਰੌਲਾ ਨੰਬਰਾਂ ਦਾ ਨਹੀਂ ਸਗੋਂ। ਤਕਨੀਕੀ ਸਿੱਖਿਆ ਅਤੇ ਹੁਨਰਮੰਦ ਹੋਣ ਦਾ ਹੈ। ਇਸ ਦੌਰਾਨ ਭਗਵੰਤ ਮਾਨ ਵੱਲੋਂ ਲੁਧਿਆਣਾ ਦੇ ਵਿੱਚ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਸੀਐੱਮ ਭਗਵੰਤ ਮਾਨ ਨੇ ਇਸ ਦਾ ਉਦਘਾਟਨ ਕੀਤਾ।
ਆਨਲਾਈਨ ਪੋਰਟਲ ਦੀ ਸ਼ੁਰੂਆਤ: ਆਨਲਾਈਨ ਪੋਰਟਲ ਦੀ ਸ਼ੁਰੂਆਤ ਦੌਰਾਨ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਆਨਲਾਈਨ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਕੋਈ ਵੀ ਅਧਿਕਾਰੀ ਅਧਿਆਪਕ ਪ੍ਰਿੰਸੀਪਲ ਜਾਂ ਵਿਦਿਆਰਥੀ ਵੀ ਇਸ ਦੀ ਵਰਤੋਂ ਕਰਕੇ ਆਪਣੇ ਸੁਝਾਅ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਝਾਵਾਂ ’ਤੇ ਸਰਕਾਰ ਧਿਆਨ ਚ ਲਿਆਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲ ਹੋਣਹਾਰ ਵਿਦਿਆਰਥੀ ਅਧਿਆਪਕਾਂ ਲਈ ਸਨਮਾਨ ਵੀ ਵਿਸ਼ੇਸ਼ ਤੌਰ ’ਤੇ ਭੇਟ ਕੀਤੇ ਜਾਣਗੇ।
ਸਿਖਲਾਈ ਲਈ ਵਿਦੇਸ਼ ਜਾਣਗੇ ਪ੍ਰਿੰਸੀਪਲ ਵਿਦੇਸ਼ਾਂ ’ਚ ਅਧਿਆਪਕਾਂ ਦੀ ਸਿਖਲਾਈ : ਭਗਵੰਤ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਬੈਂਚਾਂ ’ਚ ਵਿਦੇਸ਼ ਚ ਜਾ ਕੇ ਸਿਖਲਾਈ ਲੈਣਗੇ। ਉਨ੍ਹਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਲਈ ਪੰਜਾਬ ਸਰਕਾਰ ਹਰ ਮਦਦ ਦੇਵੇਗੀ। ਉਨ੍ਹਾਂ ਕਿਹਾ ਜੇਕਰ ਕੁਝ ਪੈਸੇ ਖਰਚ ਕੇ ਸਾਡੇ ਸਿੱਖਿਆ ਦਾ ਮਿਆਰ ਉੱਚਾ ਹੁੰਦਾ ਹੈ ਜਾਂ ਫਿਰ ਸਾਡੇ ਸਕੂਲਾਂ ਦੇ ਬੱਚਿਆ ਦੇ ਵਿੱਚ ਆਤਮ ਵਿਸ਼ਵਾਸ ਬਣਦਾ ਹੈ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਕੂਲਾਂ ਕਾਲਜਾਂ ਵਿੱਚ ਬੇਰੁਜ਼ਗਾਰ ਵਿਦਿਆਰਥੀ ਨਹੀਂ ਪੈਦਾ ਕਰਨੇ ਸਗੋਂ ਹੁਨਰਮੰਦ ਵਿਦਿਆਰਥੀ ਪੈਦਾ ਕਰਨੇ ਹਨ ਤਾਂ ਜੋ ਉਹ ਬਾਹਰ ਆ ਕੇ ਵਧੀਆ ਕੰਮ ਕਰ ਸਕਣ।
ਦਿੱਲੀ ਮਾਡਲ ਦੀ ਦਿੱਤੀ ਉਦਾਹਰਣ: ਸੀਐਮ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੇ ਦੌਰਾਨ ਮੁੜ ਤੋਂ ਦਿੱਲੀ ਦੇ ਸਿੱਖਿਆ ਮਾਡਲ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਦਿੱਲੀ ਦੇ ਸਕੂਲ ਸ਼ਾਨਦਾਰ ਹਨ। ਉੱਥੇ ਚਾਰ ਲੱਖ ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਕਿਹਾ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਲਈ ਉੱਥੇ ਮੀਟਿੰਗ ਚਲਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਵਿਚ ਵਿਦਿਆਰਥੀਆਂ ਦਾ ਆਤਮ ਵਿਸਵਾਸ਼ ਵੇਖਣ ਲਾਇਕ ਹੈ, ਕਿਉਂਕਿ ਬੱਚਿਆਂ ਦੇ ਵਿੱਚ ਆਤਮ ਵਿਸ਼ਵਾਸ ਹੋਣਾ ਜ਼ਰੂਰੀ ਹੈ, ਇਸ ਨਾਲ ਹੀ ਉਹ ਅੱਗੇ ਭਵਿੱਖ ਵਿੱਚ ਤਰੱਕੀ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਵਿੱਚ ਵੱਡੇ ਵਕੀਲਾਂ ਡਾਕਟਰਾਂ ਅਤੇ ਬੱਚੇ ਵੀ ਸਰਕਾਰੀ ਸਕੂਲਾਂ ਚ ਪੜ੍ਹਦੇ ਹਨ।
ਚੌਪਰ ਚ ਆਏ ਸੀਐਮ, ਸਰਕਾਰੀ ਬੱਸਾਂ ’ਚ ਲਿਆਂਦੇ ਪ੍ਰਿੰਸੀਪਲ:ਸੀਐਮ ਭਗਵੰਤ ਮਾਨ ਚੰਡੀਗੜ੍ਹ ਵਿਚ ਬੈਠਕ ਕਰਨ ਤੋਂ ਬਾਅਦ ਆਪਣੇ ਹੈਲੀਕਾਪਟਰ ਚ ਬਹਿ ਕੇ ਲੁਧਿਆਣਾ ਸਮਾਗਮ ਚ ਪਹੁੰਚੇ, ਹਾਲਾਂਕਿ ਬੀਤੇ ਦਿਨੀਂ ਵੀ ਉਨ੍ਹਾਂ ਦੇ ਚੋਪਰਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਸਨ। ਦੂਜੇ ਪਾਸੇ ਸਾਰੇ ਸਰਕਾਰੀ ਅਧਿਆਪਕਾਂ ਨੂੰ ਸਰਕਾਰੀ ਏਸੀ ਬੱਸਾਂ ਦੇ ਵਿੱਚ ਬਿਠਾ ਕੇ ਲੁਧਿਆਣਾ ਲਿਆਂਦਾ ਗਿਆ। ਹਾਲਾਂਕਿ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੇ ਦੌਰਾਨ ਵੀ ਸਰਕਾਰੀ ਬੱਸਾਂ ਦੀ ਵਰਤੋਂ ਕਰਨ ਨੂੰ ਲੈ ਕੇ ਉਹ ਸੁਰਖੀਆਂ ਵਿੱਚ ਰਹੇ ਸੀ ਅਤੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਸੀ।
ਇਹ ਵੀ ਪੜੋ:ਮੁਹਾਲੀ ਧਮਾਕਾ ਮਾਮਲਾ: ਪੰਜਾਬ DGP ਤੇ CM ਮਾਨ ਦੇ ਬਿਆਨ ਵੱਖਰੇ-ਵੱਖਰੇ ! ਕਿਸ ਕੋਲ ਅਧੂਰੀ ਜਾਣਕਾਰੀ ?