ਲੁਧਿਆਣਾ : ਐੱਸਟੀਐੱਫ ਰੇਂਜ ਵੱਲੋਂ ਹਰਮਨਜੀਤ ਉਰਫ਼ ਗੋਲਡੀ ਨਾਂ ਦੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਕੋਲੋਂ ਦੋ ਕਿਲੋ ਹੈਰੋਇਨ ਜਿਸ ਦੀ ਕਰੋੜਾਂ ਰੁਪਏ ਕੀਮਤ ਬਣਦੀ ਹੈ ਅਤੇ ਅੱਠ ਲੱਖ ਡਰੱਗ ਮਨੀ ਬਰਾਮਦ ਹੋਈ ਹੈ। ਮੁਲਜ਼ਮ ਅਦਾਲਤ ਵੱਲੋਂ ਭਗੌੜਾ ਕਰਾਰ ਸੀ ਅਤੇ ਲੰਬੇ ਸਮੇਂ ਤੋਂ ਲੁਧਿਆਣਾ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ ਨੂੰ ਲੋੜੀਂਦਾ ਸੀ।
ਦੱਸਣਯੋਗ ਹੈ ਕਿ ਮੁਲਜ਼ਮ ਤੋਂ 8 ਗੱਡੀਆਂ ਵੀ ਬਰਾਮਦ ਹੋਈਆਂ ਹਨ। ਜਿਨ੍ਹਾਂ ਵਿੱਚੋਂ ਕਈ ਗੱਡੀਆਂ ਲਗਜ਼ਰੀ ਵੀ ਹਨ। ਮੁਲਜ਼ਮ ਇਨ੍ਹਾਂ ਵਿੱਚ ਹੀ ਹੈਰੋਇਨ ਦੀ ਸਪਲਾਈ ਕਰਦਾ ਸੀ, ਜਾਂਚ ਅਧਿਕਾਰੀਆਂ ਨੇ ਦਸਿਆ ਕਿ ਸਾਰੀਆਂ ਹੀ ਗੱਡੀਆਂ ਦੇ ਸ਼ੀਸ਼ੇ ਕਾਲੇ ਹਨ ਅਤੇ ਉੱਤੇ ਵੀਆਈਪੀ ਦੇ ਸਟਿੱਕਰ ਲੱਗੇ ਹੋਏ ਹਨ ਤਾਂ ਜੋ ਨਾਕੇ ਆਦਿ ਉੱਤੇ ਕਿਸੇ ਦੀ ਨਜ਼ਰ ਨਾ ਉਸ ਉੱਤੇ ਪਵੇ।
ਘਰ ਖੜ੍ਹੀਆਂ ਸੀ 8 ਕਾਰਾਂ :ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਘਰ ਵਿੱਚੋਂ ਇਹ ਕਾਰਾਂ ਬਰਾਮਦ ਹੋਈਆਂ ਹਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕੇ ਮੁਲਜ਼ਮ ਨੇ ਨਸ਼ੇ ਦੇ ਤਸਕਰੀ ਦੇ ਗੋਰਖ ਧੰਦੇ ਨਾਲ ਹੀ ਇਹ ਸਾਰੀ ਜਾਇਦਾਦ ਬਣਾਈ ਹੈ। ਜਿਸ ਨੂੰ ਸਪੈਸ਼ਲ ਟਾਸਕ ਫੋਰਸ ਵੱਲੋਂ ਅਟੈਚ ਕੀਤਾ ਜਾਵੇਗਾ। ਮੁਲਜ਼ਮ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਹਰਮਨਜੀਤ ਉਰਫ਼ ਗੋਲਡੀ ਨਸ਼ੇ ਤਸਕਰੀ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਭਗੌੜਾ ਕਰਾਰ ਸੀ। ਇਸ ਕਰਕੇ ਉਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ। ਕੱਲ੍ਹ ਵਿਸ਼ੇਸ਼ ਨਾਕੇਬੰਦੀ ਕਰਕੇ ਮੁਲਜ਼ਮ ਨੂੰ ਜਦੋਂ ਫੜਿਆ ਗਿਆ ਤਾਂ ਉਸ ਦੇ ਸਕੂਟਰ ਵਿੱਚੋਂ 1 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਫਿਰ ਉਸ ਦੀ ਨਿਸ਼ਾਨਦੇਹੀ ਉੱਤੇ ਉਸ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਹੈਰਾਨ ਰਹਿ ਗਏ ਮੁਲਜ਼ਮ ਦੇ ਘਰ 8 ਕਾਰਾਂ ਖੜ੍ਹੀਆਂ ਸੀ। ਜਿਨ੍ਹਾਂ ਵਿੱਚੋਂ ਕਈ ਲਗਜ਼ਰੀ ਕਾਰਾਂ ਹਨ।