ਲੁਧਿਆਣਾ:ਜ਼ਿਲ੍ਹੇ ਦੇ ਮੁੱਲਾਂਪੁਰ ਦਾਖਾ ਦੇ ਰੇਲਵੇ ਸਟੇਸ਼ਨ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋ ਇੱਕ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਬਰਾਮਦ (Four of family found dead ) ਹੋਈਆਂ। ਮਿਲੀ ਜਾਣਕਾਰੀ ਮੁਤਾਬਿਕ ਮੁੱਲਾਂਪੁਰ ਦਾਖਾ ਦੇ ਰੇਲਵੇ ਸਟੇਸ਼ਨ ਨੇੜੇ ਕੁਆਟਰ ’ਚ ਸੁੱਤੇ ਹੋਏ ਇੱਕੋ ਹੀ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ਚ ਪਤੀ, ਪਤਨੀ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਅਤੇ ਸਹੁਰਾ ਸ਼ਾਮਲ ਹੈ। ਇਸ ਮਾਮਲੇ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰਿਕ ਮੈਂਬਰਾਂ ਦੀ ਲਾਸ਼ਾਂ ਕਮਰੇ ਚੋਂ ਬਰਾਮਦ ਹੋਈਆਂ ਹਨ ਜਿਨ੍ਹਾਂ ਦੇ ਬਾਰੇ ਸਵੇਰ ਗੁਆਂਢੀਆਂ ਨੂੰ ਪਤਾ ਲੱਗਾ। ਜਿਸ ਤੋਂ ਬਾਅਦ ਗੁਆਂਢੀਆਂ ਨੇ ਤੁਰੰਤ ਹੀ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਫੋਨ ’ਤੇ ਗੱਲ ਹੋਈ ਸੀ ਪਰ ਅਜਿਹਾ ਕੁਝ ਨਹੀਂ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਚਾਰੇ ਮੈਂਬਰਾਂ ਦੀ ਲਾਸ਼ ਘਰ ਚ ਬਰਾਮਦ ਹੋਈ ਹੈ ਤਾਂ ਉਹ ਇੱਥੇ ਪਹੁੰਚੇ ਅਤੇ ਉਹ ਦੇਖ ਕੇ ਹੈਰਾਨ ਰਹਿ ਗਏ। ਉਧਰ ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।