ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਸਾਬਕਾ ਅਕਾਲੀ ਦਲ ਦੇ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਉਸ ਦਾ ਸੱਤ ਦਿਨ ਦਾ ਰਿਮਾਂਡ ਮਿਲਿਆ ਹੈ। ਦੱਸ ਦਈਏ ਕਿ ਸੰਦੀਪ ਕਾਹਲੋਂ ਤੇ ਸਿੱਧੂ ਮੂਸੇ ਵਾਲੇ ਕਤਲ ਮਾਮਲੇ ਵਿੱਚ ਸ਼ਾਰਪ ਸ਼ੂਟਰਾਂ ਨੂੰ ਮਾਨਸਾ ਤੱਕ ਪਹੁੰਚਾਉਣ ਤੇ ਹਥਿਆਰ ਮੁਹੱਈਆ ਕਰਵਾਉਣ ਦਾ ਪੁਲਿਸ ਨੂੰ ਸ਼ੱਕ ਹੈ।
ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਸੰਦੀਪ ਕਾਹਲੋਂ ’ਤੇ ਥਾਣਾ ਸਲੇਮ ਟਾਬਰੀ ਦੇ ਵਿੱਚ ਪਹਿਲਾਂ ਤੋਂ ਹੀ ਦਰਜ ਮਾਮਲਿਆਂ ਅੰਦਰ ਇਜ਼ਾਫਾ ਕਰਦੇ ਹੋਏ ਧਾਰਾ 302 ਕਤਲ ਦੀ ਸਾਜ਼ਿਸ਼ ਰਚਣ ਅਤੇ ਆਰਮਜ਼ ਐਕਟ ਤਹਿਤ ਹੋਰ ਧਰਾਵਾਂ ਜੋੜੀਆਂ ਗਈਆਂ ਹਨ। ਸੰਦੀਪ ਕਾਹਲੋਂ ਮੌਜੂਦਾ ਬੀਡੀਪੀਓ ਅਹੁਦੇ ’ਤੇ ਤੈਨਾਤ ਹੈ ਅਤੇ ਬਲਦੇਵ ਚੌਧਰੀ ਦੀ ਗ੍ਰਿਫਤਾਰੀ ਤੋਂ ਬਾਅਦ ਸਤਬੀਰ ਸਿੰਘ ਵੱਲੋਂ ਸੰਦੀਪ ਕਾਹਲੋਂ ਬਾਰੇ ਪੁਲਿਸ ਨੂੰ ਦੱਸਿਆ ਗਿਆ ਸੀ।
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਪੁਲਿਸ ਵੱਲੋਂ ਸੰਦੀਪ ਕਾਹਲੋਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਲੁਧਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ ਹਾਸਿਲ ਕੀਤਾ ਗਿਆ ਸੀ ਅਤੇ ਰਿਮਾਂਡ ਖਤਮ ਹੋਣ ’ਤੇ ਉਸ ਦਾ ਸੱਤ ਦਿਨ ਦਾ ਰਿਮਾਂਡ ਹੋਰ ਪੁਲਿਸ ਨੇ ਹਾਸਿਲ ਕਰ ਲਿਆ ਹੈ। ਸੰਦੀਪ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਕਾਫ਼ੀ ਨੇੜਲੇ ਸੰਬੰਧ ਵੀ ਦੱਸੇ ਜਾ ਰਹੇ ਹਨ।
ਜ਼ਿਕਰ-ਏ-ਖਾਸ ਹੈ ਕਿ ਸੰਦੀਪ ਕਾਹਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਸੀ ਅਤੇ ਲੁਧਿਆਣਾ ਵਿਚ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੇ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰਾਂ ਨੂੰ ਮਾਨਸਾ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮਾਂ ਦੇ ਨਾਲ ਕੁਝ ਹੋਰ ਧਾਰਾਵਾਂ ਵੀ ਜੋੜੀਆਂ ਗਈਆਂ ਹਨ।
ਇਹ ਵੀ ਪੜੋ:ਇੱਕ ਵਾਰ ਫੇਰ ਸੁਰਖੀਆਂ ’ਚ ਲੁਧਿਆਣਾ ਦੀ ਕੇਂਦਰੀ ਜੇਲ੍ਹ, ਨਸ਼ਾ ਤਸਕਰਾਂ ਨੇ ਜੇਲ੍ਹ ’ਚ ਨੌਜਵਾਨ ਦੀ ਕੀਤੀ ਕੁੱਟਮਾਰ