ਲੁਧਿਆਣਾ: ਸ਼ਹਿਰ ਵਿੱਚ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਥਾਣਾ ਡਿਵੀਜ਼ਨ ਨੰਬਰ ਪੰਜ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਫਰਜ਼ੀ ਦਸਤਾਵੇਜ਼ ਦੇ ਆਧਾਰ 'ਤੇ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਦੀ ਜ਼ਮਾਨਤ ਦਿੱਤੀ ਸੀ। ਪੁਲਿਸ ਨੇ ਫਰਜ਼ੀ ਜ਼ਮਾਨਤੀਆਂ ਸਣੇ ਤਿੰਨ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ।
ਫਰਜ਼ੀ ਦਸਤਾਵੇਜ਼ ਠੁਕਰਾਈ ਨਸ਼ਾ ਤਸਕਰਾਂ ਦੀ ਜ਼ਮਾਨਤ, ਤਸਕਰ ਸਣੇ ਜ਼ਮਾਨਤ ਕਰਵਾਉਣ ਵਾਲੇ ਵੀ ਗ੍ਰਿਫ਼ਤਾਰ ਅਦਾਲਤ ਦੇ ਵਿੱਚ ਪੇਸ਼ ਕੀਤੇ ਫਰਜ਼ੀ ਦਸਤਾਵੇਜ਼
ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਐਸਐਚਓ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਬਾ ਪੁਲਿਸ ਨੇ ਦੀਪਕ ਕੁਮਾਰ ਨਾਂ ਦੇ ਮੁਲਜ਼ਮ ਨੂੰ ਨਸ਼ੇ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੀ ਜ਼ਮਾਨਤ ਲਾਉਣ ਵਾਲੇ ਜਗਰਾਉਂ ਦੇ ਨਿਵਾਸੀ ਚਮਕੌਰ ਸਿੰਘ ਅਤੇ ਜਵਾਹਰ ਨਗਰ ਕੈਂਪ ਨਿਵਾਸੀ ਹਰਦੀਪ ਸਿੰਘ ਨੇ ਅਦਾਲਤ ਦੇ ਵਿੱਚ ਜੋ ਦਸਤਾਵੇਜ਼ ਪੇਸ਼ ਕੀਤੇ ਸਨ। ਉਹ ਆਧਾਰ ਕਾਰਡ ਫਰਜ਼ੀ ਨਿਕਲਿਆ, ਜਿਸ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਵਿਜੇ ਕੁਮਾਰ ਦੀ ਅਦਾਲਤ ਨੇ ਦੀਪਕ ਕੁਮਾਰ ਅਤੇ ਉਸਦੀ ਜ਼ਮਾਨਤ ਦੇਣ ਵਾਲੇ ਦੋਵੇਂ ਮੁਲਜ਼ਮਾਂ ਤੇ ਕੇਸ ਦਰਜ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ।
ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਚਮਕੌਰ ਹਰਦੀਪ ਅਤੇ ਨਿਊ ਜਨਤਾ ਨਗਰ ਵਾਸੀ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਨ੍ਹਾਂ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਅਤੇ ਇਨ੍ਹਾਂ ਤੋਂ ਰਿਮਾਂਡ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।