ਲੁਧਿਆਣਾ: ਪੰਜਾਬ ਵਿੱਚ ਹੁਣ ਕੋਰੋਨਾ ਵਾਇਰਸ ਤੋਂ ਬਾਅਦ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਸ਼ਹਿਰ 'ਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ ਤਾਂ ਉਥੇ ਹੀ ਹੁਣ ਡੇਂਗੂ ਦੇ ਵੀ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਲੁਧਿਆਣਾ 'ਚ ਕੋਰੋਨਾ ਤੋਂ ਬਾਅਦ ਡੇਂਗੂ ਦਾ ਕਹਿਰ, 500 ਤੋਂ ਵੱਧ ਮਰੀਜ਼ ਪੀੜਤ ਇਸ ਮੌਕੇ ਗੱਲ ਕਰਦੇ ਹੋਏ ਲੁਧਿਆਣਾ ਦੇ ਸਿਵਲ ਸਰਜਨ ਨੇ ਕਿਹਾ ਕਿ 978 ਸ਼ੱਕੀ ਮਰੀਜ਼ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ, ਜਿੰਨਾ ਵਿੱਚੋਂ 571 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਨਜਿੱਠਣ ਲਈ ਸਿਹਤ ਮਹਿਕਮੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਡੇਂਗੂ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ 'ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨਾਲ ਰਾਬਤਾ ਕਾਇਮ ਕਰਕੇ ਡੇਂਗੂ ਦਾ ਲਾਰਵਾ ਵੀ ਖ਼ਤਮ ਕੀਤਾ ਜਾ ਰਿਹਾ ਹੈ।
ਡਾ. ਬੱਗਾ ਨੇ ਕਿਹਾ ਕਿ ਡੇਂਗੂ ਦਾ ਟੈਸਟ ਸਿਵਲ ਹਸਪਤਾਲ ਦੇ ਵਿੱਚ ਮੁਫ਼ਤ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਵਿਅਕਤੀ ਨੂੰ 5 ਦਿਨ ਤੋਂ ਵੱਧ ਬੁਖਾਰ ਹੈ, ਉਸ ਨੂੰ ਤੁਰੰਤ ਇਲਾਜ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਮਹਿਕਮਾ ਅਤੇ ਨਗਰ ਨਿਗਮ ਲਗਾਤਾਰ ਉਪਰਾਲੇ ਕਰ ਰਹੇ ਹਨ।