ਲੁਧਿਆਣਾ: ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਇਤਿਹਾਸਕ ਕੁਰਬਾਨੀਆਂ ’ਚ ਸਿੱਖਾਂ ਦੇ ਨਾਲ-ਨਾਲ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਪੁੱਤਰਾਂ ਦੀਆਂ ਕੁਰਬਾਨੀਆਂ ਵੀ ਸ਼ਾਮਲ ਹਨ, ਜੋ ਉਨ੍ਹਾਂ ਵੱਲੋਂ ਹੱਕ ਅਤੇ ਸੱਚ ਲਈ ਦਿੱਤੀਆਂ ਗਈਆਂ ਹਨ। ਆਪਣੇ ਇਸ ਇਤਿਹਾਸ ਨਾਲ ਜੁੜ ਕੇ ਅਸੀਂ ਵੀ ਇੱਕ ਚੰਗੇ ਇਨਸਾਨ ਬਣਨ ਦੇ ਨਾਲ-ਨਾਲ ਹੋਰਨਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣ ਸਕਦੇ ਹਾਂ।
26 ਸੂਬਿਆਂ 'ਚ ਕਰ ਚੁੱਕੇ ਸਾਈਕਲ ਯਾਤਰਾ, ਲੋਕਾਂ ਨੂੰ ਕਰ ਰਹੇ ਨਸ਼ਿਆਂ ਤੋਂ ਜਾਗਰੂਕ ਧਰਮ ਬਦਲ ਕੇ ਸਿੱਖ ਧਰਮ 'ਚ ਹੋਏ ਸ਼ਾਮਲ
ਸਾਡੇ ਲਈ ਅਜਿਹਾ ਹੀ ਇੱਕ ਪ੍ਰੇਰਨਾ ਦਾ ਸਰੋਤ ਹੈ ‘ਅਮਨਦੀਪ ਸਿੰਘ ਖਾਲਸਾ’। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ‘ਅਮਨਦੀਪ ਸਿੰਘ ਖਾਲਸਾ’ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਉਨ੍ਹਾਂ ਨੇ ਆਪਣਾ ਹਿੰਦੂ ਧਰਮ ਬਦਲ ਕੇ ਸਿੱਖ ਧਰਮ ਅਪਣਾ ਲਿਆ। ਅਮਨਦੀਪ ਖਾਲਸਾ ਕਰਨਾਟਕ ਦੇ ਬੰਗਲੌਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਹਿਲਾ ਨਾਮ ‘ਮਹਾਦੇਵ ਰੈਡੀ’ ਸੀ।
ਸਾਈਕਲ 'ਤੇ ਕਰ ਰਹੇ ਪੂਰੇ ਦੇਸ਼ ਦੀ ਯਾਤਰਾ
ਅਮਨਦੀਪ ਸਿੰਘ ਖਾਲਸਾ ਨੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਪੰਜਾਬੀ ਬੋਲੀ ਦੀ ਸਿਖਿਆ ਹਾਸਲ ਕੀਤੀ, ਜੋ ਗੁਰਬਾਣੀ ਨੂੰ ਪੜ੍ਹਨ ਲਈ ਬਹੁਤ ਜ਼ਰੂਰੀ ਹੈ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਖਾਲਸਾ ਸਾਰੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਅਤੇ ਨਸ਼ਾ ਮੁਕਤ ਕਰਨ ਦੇ ਲਈ 2008 ਤੋਂ ਸਾਈਕਲ 'ਤੇ ਸਵਾਰ ਹੋ ਕੇ ਪੂਰੇ ਦੇਸ਼ ਦੀ ਯਾਤਰਾ ਕਰ ਰਹੇ ਹਨ। ਇਸ ਸਦਕਾ ਉਨ੍ਹਾਂ ਨੇ ਹੁਣ ਤੱਕ 26 ਸੂਬਿਆਂ ਦੀ ਯਾਤਰਾ ਕਰ ਲਈ ਹੈ। ਆਪਣੀ ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੇ 5500 ਦੇ ਕਰੀਬ ਲੋਕਾਂ ਨੂੰ ਨਸ਼ਾ ਮੁਕਤ ਕੀਤਾ ਹੈ।
ਗਰੀਬ ਬੱਚਿਆਂ ਲਈ ਖੋਲ੍ਹਣਗੇ ਸਕੂਲ
ਦੱਸ ਦੇਈਏ ਕਿ 12 ਸਾਲ ਤੋਂ ਸ਼ੁਰੂ ਕੀਤੀ ਯਾਤਰਾ ਦੌਰਾਨ ਅਮਨਦੀਪ ਸਿੰਘ ਖਾਲਸਾ ਕੋਰੋਨਾ ਵਾਇਰਸ ਕਾਰਨ ਹੁਣ ਲੁਧਿਆਣਾ ਵਿੱਚ ਰੁਕੇ ਹੋਏ ਹਨ। ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਨਾਂਅ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆਉਣ ਵਾਲਾ ਹੈ। ਉਥੋਂ ਉਨ੍ਹਾਂ ਨੂੰ ਜੋ ਪੈਸੇ ਮਿਲਣਗੇ ਉਸ ਨਾਲ ਉਹ ਆਪਣੀ ਜ਼ਮੀਨ ਵਿੱਚ ਗਰੀਬ ਬੱਚਿਆਂ ਲਈ ਸਕੂਲ ਖੋਲ੍ਹਣਗੇ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ।