ਲੁਧਿਆਣਾ 'ਚ ਕੋਰੋਨਾ ਪੀੜ੍ਹਤਾਂ ਦੀ ਘੱਟਦੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਵੱਲੋਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਕਰਫਿਊ 'ਚ ਰਾਹਤ ਦਿੰਦਿਆਂ ਇੱਕ ਘੰਟਾ ਵਧਾਇਆ ਗਿਆ ਹੈ। ਜਿੱਥੇ ਪਹਿਲਾਂ ਲੁਧਿਆਣਾ 'ਚ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਰਾਹਤ ਦਿੱਤੀ ਗਈ ਸੀ, ਹੁਣ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ ਇੱਕ ਵਜੇ ਤੱਕ ਰਾਹਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਸ਼ੁੱਕਰਵਾਰ ਦੁਪਹਿਰ ਇੱਕ ਵਜੇ ਤੋਂ ਲੈ ਕੇ ਸੋਮਵਾਰ ਸਵੇਰੇ ਪੰਜ ਵਜੇ ਤੱਕ ਕਰਫਿਊ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੈਅ ਸਮੇਂ ਤੋਂ ਬਾਅਦ ਕਿਸੇ ਦੀ ਵੀ ਦੁਕਾਨ ਖੁੱਲ੍ਹੀ ਮਿਲਦੀ ਹੈ ਤਾਂ ਉਸ ਨੂੰ ਇਕ ਹਫ਼ਤੇ ਲਈ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ। ਡੀ.ਸੀ ਨੇ ਕਿਹਾ ਕਿ ਸੋਮਵਾਰ ਤੋਂ ਜੋ ਵੀ ਰੈਸਟੋਰੈਂਟ ਅਤੇ ਹੋਟਲ ਨੇ ਉਹ ਰਾਤ ਅੱਠ ਵਜੇ ਤੱਕ ਡਿਲੀਵਰੀ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਈ ਕਾਮਰਸ ਕੰਪਨੀਆਂ, ਆਨਲਾਈਨ ਸ਼ੌਪਿੰਗ ਕੰਪਨੀਆਂ ਦੇ ਨੁਮਾਇੰਦੇ ਵੀ ਰਾਤ ਅੱਠ ਵਜੇ ਤੱਕ ਹੋਮ ਡਿਲਿਵਰੀ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਫ਼ ਕਰ ਦਿੱਤਾ ਕਿ ਮੌਤਾਂ ਜ਼ਰੂਰ ਹੋ ਰਹੀਆਂ ਨੇ ਪਰ ਉਹ ਅੰਕੜੇ ਉਨ੍ਹਾਂ ਲੋਕਾਂ ਦੇ ਨੇ ਜੋ ਬੀਤੇ ਦਿਨਾਂ ਦੇ ਵਿੱਚ ਗੰਭੀਰ ਹੋ ਗਏ ਸਨ।