ਲੁਧਿਆਣਾ: ਰਾਏਕੋਟ ਦੇ ਈਦਗਾਹ ਰੋਡ 'ਤੇ ਗੈਸ ਏਜੰਸੀ ਦੇ ਦਫਤਰ ਨਜ਼ਦੀਕ ਪਾਏ ਜਾ ਰਹੇ ਸੀਵਰੇਜ ਦੌਰਾਨ ਸੀਵਰੇਜ ਬੋਰਡ ਅਤੇ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ। ਦੱਸ ਦਈਏ ਕਿ ਇਸ ਥਾਂ ਤੇ ਕੋਈ ਵੀ ਰੋਕ ਨਾ ਲਗਾਏ ਜਾਣ ਕਾਰਨ ਸੀਵਰੇਜ ਪਾਉਣ ਲਈ ਪੁੱਟੇ ਗਏ 20 ਫੁੱਟ ਡੂੰਘੇ ਖੱਡੇ ਇੱਕ ਅਵਾਰਾ ਗਾਂ ਦੀ ਡਿੱਗਣ ਕਾਰਨ ਮੌਤ ਹੋ ਗਈ। ਗਾਂ ਉਸ ਸਮੇਂ ਖੱਡ ਚ ਡਿੱਗੀ ਜਦੋਂ ਉਸ ਚ ਲੈਬਰ ਕੰਮ ਕਰ ਰਹੀ ਸੀ ਜਿਸ ਕਾਰਨ ਗਣੀਮਤ ਇਹ ਰਹੀ ਕਿ ਗਾਂ ਕਿਸੇ ਕੰਮ ਕਰ ਰਹੀ ਲੈਬਰ ’ਤੇ ਨਹੀਂ ਡਿੱਗੀ ਪਰ ਗਾਂ ਨੂੰ ਬਾਹਰ ਕੱਢਣ ਚ ਦੇਰੀ ਹੋਣ ਕਾਰਨ ਗਾਂ ਦੀ ਮੌਤ ਹੋ ਗਈ।
ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਰਸਤੇ ਉੱਪਰ ਸੀਵਰੇਜ ਪਾਉਣ ਦਾ ਕੰਮ ਪਿਛਲੇ ਦੋ ਢਾਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਕੰਮ ਦੀ ਰਫ਼ਤਾਰ ਐਨੀ ਜ਼ਿਆਦਾ ਹੈ ਕਿ ਹੁਣ ਤੱਕ ਮਸਾਂ ਹੀ ਤਿੰਨ ਚਾਰ ਸੌ ਫੁੱਟ ਸੜਕ ਉੱਪਰ ਸੀਵਰੇਜ ਪਾਇਆ ਗਿਆ ਪਰ ਸੀਵਰੇਜ ਪਾਉਣ ਕਾਰਨ ਪਿਛਲੇ ਦੋ ਢਾਈ ਮਹੀਨਿਆਂ ਤੋਂ ਜਿੱਥੇ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ ਉੱਥੇ ਲੋਕਾਂ ਦੇ ਕੰਮਕਾਰ ਬੰਦ ਹੋਏ ਪਏ ਹਨ। ਲੋਕਾਂ ਨੇ ਦੱਸਿਆ ਕਿ ਸੜਕ ਉੱਪਰ ਗੈਸ ਏਜੰਸੀ ਦੇ ਦੋ ਦਫ਼ਤਰ ਹਨ ਅਤੇ ਇਹ ਸੜਕ ਬੱਸ ਸਟੈਂਡ ਤੱਕ ਜਾਂਦੀ ਹੈ ਪਰ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ, ਉਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ।