ਲੁਧਿਆਣਾ: ਸਾਈਕਲ, ਸਿਲਾਈ ਮਸ਼ੀਨ ਦੇ ਨਾਲ-ਨਾਲ ਲੁਧਿਆਣਾ ਸ਼ਹਿਰ ਹੌਜ਼ਰੀ ਦਾ ਵੱਡਾ ਹੱਬ ਹੈ। ਲੁਧਿਆਣਾ ਵਿੱਚ ਛੋਟੇ ਵੱਡੇ 12,000 ਹੌਜ਼ਰੀ ਯੂਨਿਟ ਹਨ। ਇਨ੍ਹਾਂ 'ਚ ਵੱਡੇ ਯੂਨਿਟ 3000 ਤੋਂ 4000 ਕੱਪੜੇ ਰੋਜ਼ਾਨਾ ਬਣਾਉਂਦੇ ਹਨ। ਲੁਧਿਆਣਾ ਵਿੱਚ ਕਈ ਵੱਡੇ ਬ੍ਰਾਂਡ ਹਨ, ਜਿਨ੍ਹਾਂ 'ਚ ਮੋਂਟੀ ਕਾਰਲੋ, Duke ਵਰਗੇ ਬ੍ਰਾਂਡ ਸ਼ਾਮਲ ਹਨ ਜੋ ਕਿ ਸਲਾਨਾ ਕਰੋੜਾਂ ਰੁਪਏ ਦਾ ਕੱਪੜਾ ਬਣਾਉਂਦੇ ਹਨ। ਇਹ ਕੱਪੜੇ ਭਾਰਤ ਤੋਂ ਇਲਾਵਾ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਜਾਂਦਾ ਹੈ। ਪਰ ਇਸ ਵਾਰ ਕੋਰੋਨਾ ਦੀ ਮਾਰ ਕਰਕੇ ਲੇਬਰ ਅਤੇ ਡਿਮਾਂਡ ਵੀ ਘੱਟ ਗਈ ਹੈ।
ਹੌਜ਼ਰੀ ਦੀਆਂ ਛੋਟੀਆਂ ਕੰਪਨੀਆਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਕੰਮ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਰਕੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਡੀਲਰ ਵੀ ਘਬਰਾਏ ਹੋਏ ਹਨ, ਇਸ ਕਾਰਨ ਉਹ ਆ ਕੇ ਆਰਡਰ ਨਹੀਂ ਕਰ ਰਹੇ।
ਲੁਧਿਆਣਾ ਮੋਂਟੀ ਕਾਰਲੋ ਦੇ CEO ਸੰਦੀਪ ਜੈਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਉਨ੍ਹਾਂ ਦੇ ਕੰਮ 'ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਨਾ ਤਾਂ ਲੇਬਰ ਹੈ ਅਤੇ ਨਾ ਹੀ ਡਿਮਾਂਡ ਹੈ, ਜਿਸ ਕਰਕੇ ਸਰਦੀਆਂ ਦੇ ਨਾਲ ਨਾਲ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਵਿੱਚ ਵੀ ਲੁਧਿਆਣਾ ਦੇ ਹੌਜ਼ਰੀ ਕਾਰੋਬਾਰ ਨੂੰ ਮੰਦੀ ਦੀ ਮਾਰ ਝੱਲਣੀ ਪਵੇਗੀ। ਉਨ੍ਹਾਂ ਦੱਸਿਆ ਕਿ ਲੇਬਰ ਵੱਡੀ ਤਦਾਦ 'ਚ ਲੁਧਿਆਣਾ ਤੋਂ ਚਲੀ ਗਈ ਹੈ, ਜਿਸ ਕਰਕੇ ਪ੍ਰੋਡਕਸ਼ਨ 50 ਫ਼ੀਸਦੀ ਹੀ ਰਹਿ ਗਈ ਹੈ ਜਦੋਂ ਕਿ ਮਾਲ ਦੀ ਮੰਗ ਨਾ ਹੋਣ ਕਰਕੇ ਸਾਰੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।