ਲੁਧਿਆਣਾ: ਪੰਜਾਬ ਕਾਂਗਰਸ ਵਿਚਾਲੇ ਆਪਸੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਇਕ ਤੋਂ ਬਾਅਦ ਇਕ ਅਸਤੀਫਿਆਂ ਦੀ ਝੜੀ ਲੱਗ ਗਈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਵਾਦ ਸੁਲਝਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੰਨਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਵੀ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ।
ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਲੈ ਕੇ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਤੋਂ ਪ੍ਰਧਾਨਗੀ ਨਹੀਂ ਸਾਂਭੀ ਜਾਂਦੀ ਤਾਂ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਨੁਕਸਾਨ ਹੋ ਰਿਹਾ ਵਰਕਰ ਪਰੇਸ਼ਾਨ ਹਨ। ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਨਾਲ ਅੱਜ ਤੱਕ ਕੋਈ ਗੱਲਬਾਤ ਨਹੀਂ ਕੀਤੀ।
ਕਾਂਗਰਸ ਕਲੇਸ਼ ਤੋਂ ਕਾਂਗਰਸੀ ਵਿਧਾਇਕ ਵੀ ਹੋਣ ਲਗੇ ਪਰੇਸ਼ਾਨ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਵੀ ਕਿਹਾ ਕਿ ਕਾਂਗਰਸ ’ਚ ਹੁਣ ਲੜਾਈ ਚੌਧਰ ਦੀ ਹੋ ਰਹੀ ਹੈ। ਇਸ ਕਲੇਸ਼ ਤੋਂ ਬਾਅਦ ਇਹ ਸਾਫ਼ ਜ਼ਾਹਿਰ ਹੋ ਗਿਆ ਹੈ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੀ ਕਮਜ਼ੋਰ ਹੋ ਚੁੱਕੀ ਹੈ ਕਿਉਂਕਿ ਸੂਬੇ ਦੀਆਂ ਸਰਕਾਰਾਂ ਮਨਮਰਜ਼ੀ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਵੀ ਹਾਈਕਮਾਂਡ ਦੋ ਧੜਿਆਂ ਵਿੱਚ ਵੰਡੀ ਗਈ ਕਿਉਂਕਿ ਮਾਂ ਕੈਪਟਨ ਵੱਲ ਹੋਵੇ ਅਤੇ ਪੁੱਤ ਤੇ ਧੀ ਸਿੱਧੂ ਵੱਲ ਹੋ ਗਏ। ਜਿਸ ਕਰਕੇ ਇਹ ਪੂਰਾ ਕਾਟੋ ਕਲੇਸ਼ ਹੈ।
ਗਰੇਵਾਲ ਨੇ ਇਹ ਵੀ ਕਿਹਾ ਕਿ ਹੁਣ ਲੜਾਈ ਚੌਧਰ ਦੀ ਹੋ ਰਹੀ ਹੈ ਨਾ ਕਿ ਲੋਕਾਂ ਦੇ ਮੁੱਦਿਆਂ ਦੀ। ਉੱਧਰ ਕੈਪਟਨ ਦੇ ਭਾਜਪਾ ’ਚ ਜਾਣ ’ਤੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ, ਪਰ ਉਹ ਪਹਿਲਾਂ ਹੀ ਇਹ ਸਾਫ ਕਰ ਚੁੱਕੇ ਹਨ। ਦਿੱਲੀ ਦਾ ਦੌਰਾ ਨਿੱਜੀ ਸੀ। ਡਾ. ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਰਜ਼ੀਆ ਸੁਲਤਾਨਾ ਆਪਣਾ ਅਸਤੀਫਾ ਵਾਪਸ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਵੀ ਆਪਣਾ ਅਸਤੀਫ਼ਾ ਵਾਪਿਸ ਹੁਣ ਲੈ ਸਕਦੇ ਹਨ।
ਇਹ ਵੀ ਪੜੋ: ਅਸਤੀਫਾ ਦੇ ਕੇ ਵੀ ਪ੍ਰਧਾਨ ਸਿੱਧੂ ਹੀ, ਮੁੱਦਾ ਬਣਿਆ ਚੁਣੌਤੀ