ਲੁਧਿਆਣਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਪਣੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਈ ਕਾਂਗਰਸੀ ਆਗੂਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਵਿੱਚ ਕਾਂਗਰਸ ਦੇ ਟਕਸਾਲੀ ਲੀਡਰ ਕ੍ਰਿਸ਼ਨ ਕੁਮਾਰ ਬਾਵਾ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਹੈ ਕਿ ਆਪਣੀ ਸਰੀਰ ਉੱਤੇ ਗੋਲੀਆਂ ਖਾਣ ਦੇ ਬਾਵਜੂਦ ਕਾਂਗਰਸ ਨੇ ਮੈਨੂੰ ਇਹ ਸਿਲਾ ਦਿੱਤਾ ਹੈ। ਉਨ੍ਹਾਂ ਕਿਹਾ ਕੇ ਅੱਜ ਕਾਂਗਰਸ ਵਿਚ ਗਾਂਧੀਵਾਦੀ ਵਿਚਾਰਧਾਰਾ ਦਾ ਕੋਈ ਮਤਲਬ ਨਹੀਂ।
ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ (Congress Leader Krishna Kumar Bawa angry) ਜੇਕਰ ਮੈਂ ਵੀ ਮਰ ਜਾਂਦਾ ਤਾਂ ਸ਼ਾਇਦ ਮੇਰਾ ਬੇਟਾ ਅੱਜ ਵਿਧਾਇਕ ਹੁੰਦਾ ਜਾਂ ਉਸ ਨੂੰ ਵੀ ਨੌਕਰੀ ਮਿਲ ਜਾਂਦੀ, ਜਿਵੇਂ ਲੁਧਿਆਣਾ ਦੇ ਹੋਰ ਕਈ ਵਿਧਾਇਕਾਂ ਦੇ ਬੇਟਿਆਂ ਨੂੰ ਮਿਲੀ ਹੈ। ਉਸ ਦਾ ਸਿੱਧਾ ਇਸ਼ਾਰਾ ਪੰਜ ਵਾਰ ਐਮਐਲਏ ਰਹੇ ਰਾਕੇਸ਼ ਪਾਂਡੇ ਵੱਲ ਸੀ।
ਕਾਂਗਰਸ ਦੇ ਇਸ ਨੇਤਾ ਨੇ ਕੱਢੀ ਪਾਰਟੀ ਉੱਤੇ ਜੰਮ ਕੇ ਭੜਾਸ, ਕੀਤੇ ਕਈ ਖੁਲਾਸੇ ਕਾਂਗਰਸ ਦੇ ਖਿਲਾਫ ਕਿਸ਼ਨ ਕੁਮਾਰ ਬਾਵਾ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਾਡੀ ਗੱਲ ਉਪਰ ਤੱਕ ਪਹੁੰਚਣ ਹੀ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਉਨ੍ਹਾਂ ਨੇ ਹੁਣ ਹਾਈ ਕਮਾਨ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਨੂੰ ਆਪਣੇ ਖੂਨ ਨਾਲ ਸਿੰਝਿਆ ਹੈ, ਪਰ ਇਸ ਦੇ ਬਾਵਜੂਦ ਕੀ ਕਾਰਨ ਹਨ ਕਿ ਅੱਜ ਸਾਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।
ਕੇਕੇ ਬਾਵਾ ਨੇ ਵੀ ਕਿਹਾ ਕਿ ਕਾਂਗਰਸ ਦੇ ਪਤਨ ਦਾ ਇਕ ਵੱਡਾ ਕਾਰਨ ਹੈ ਕਿ ਸਾਡੇ ਲੀਡਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਤਾਂ ਹੀ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਵਰਗੇ ਕਾਂਗਰਸੀ ਅੱਜ ਭਾਜਪਾ ਦੇ ਵਿੱਚ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹਾਲ ਰਿਹਾ ਤਾਂ ਕਾਂਗਰਸੀ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚ ਹੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕੇ ਵਿਧਾਨ ਸਭਾ ਚੋਣਾਂ ਦੇ ਵਿਚ ਵੀ ਕਾਂਗਰਸ ਦਾ ਜੋ ਪੰਜਾਬ ਦੇ ਵਿੱਚ ਹਸ਼ਰ ਹੋਇਆ ਹੈ, ਉਸ ਤੋਂ ਕੋਈ ਸਿੱਖ ਨਹੀਂ ਦਿੱਤੀ ਗਈ ਹੈ।
ਕ੍ਰਿਸ਼ਨ ਕੁਮਾਰ ਬਾਵਾ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿੱਚ ਸਿਰਫ ਕੁਝ ਲੀਡਰਾਂ ਦੀ ਮਨਮਾਨੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ ਦੇ ਆਏ ਲੀਡਰ ਹੁਣ ਕਾਂਗਰਸ ਨੂੰ ਕੰਟਰੋਲ ਕਰ ਰਹੇ ਹਨ। ਉਨ੍ਹਾਂ ਨੇ ਸਿੱਧਾ ਕਿਹਾ ਕਿ ਰਾਜਸਥਾਨ ਤੋਂ ਆ ਕੇ ਕੁੱਝ ਲੀਡਰਾਂ ਨੂੰ ਸਾਡੇ ਸਿਰ 'ਤੇ ਬਿਠਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਰਕਰਾਂ ਦਾ ਅਕਸ ਨਹੀਂ ਦੇਖਿਆ ਜਾ ਰਿਹਾ ਹੈ। ਉਨਾਂ ਸਿੱਧੇ ਤੌਰ ਉੱਤੇ ਭਾਰਤ ਭੂਸ਼ਨ ਆਸ਼ੂ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਸੂਝਵਾਨ ਲੋਕ ਹਨ। ਇਸੇ ਕਰਕੇ ਉਨ੍ਹਾਂ ਨੇ ਆਪਣਾ ਫਤਵਾ ਕਾਂਗਰਸ ਦੇ ਖ਼ਿਲਾਫ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੋ ਇੰਚਾਰਜ ਲਾਏ ਜਾਂਦੇ ਹਨ, ਉਨ੍ਹਾਂ ਦੇ ਵਿੱਚ ਨਾ ਤਾਂ ਪਾਰਦਰਸ਼ਤਾ ਹੈ ਅਤੇ ਨਾ ਹੀ ਉਹਨਾਂ ਦੀ ਕੋਈ ਸੋਚ ਹੈ ਉਹ ਆਪ ਹੀ ਕਾਂਗਰਸ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ।
ਇਹ ਵੀ ਪੜ੍ਹੋ:ਸਿਮਰਨਜੀਤ ਮਾਨ ਵਲੋਂ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੀ ਹੀ ਪਾਰਟੀ ਵਰਕਰਾਂ ਨਾਲ ਬਦਸਲੂਕੀ !