ਲੁਧਿਆਣਾ: ਲਗਭਗ ਅੱਠ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਕਾਲਜ ਅਤੇ ਯੂਨੀਵਰਸਿਟੀਆਂ ਨੂੰ 16 ਨਵੰਬਰ ਨੂੰ ਪੰਜਾਬ ਸਰਕਾਰ ਨੇ ਖੋਲ੍ਹ ਦਿੱਤਾ ਹੈ। ਇਸੇ ਦੌਰਾਨ ਪੰਜਾਬ ਦੇ ਵਿੱਚ ਸਰਕਾਰੀ ਅਤੇ ਨਿੱਜੀ ਕਾਲਜ ਅੱਜ ਤੋਂ ਸ਼ੁਰੂ ਹੋ ਗਏ ਹਨ। ਖਾਸ ਕਰਕੇ ਐਮਏ ਆਖ਼ਰੀ ਸਾਲ ਅਤੇ ਬੀਏ ਆਖ਼ਰੀ ਸਾਲ ਦੇ ਵਿਦਿਆਰਥੀ ਕਾਲਜ ਆਉਣੇ ਸ਼ੁਰੂ ਹੋ ਗਏ ਹਨ।
ਸੂਬੇ ਭਰ 'ਚ 8 ਮਹੀਨਿਆਂ ਬਾਅਦ ਖੁੱਲ੍ਹੇ ਕਾਲਜ ਲੁਧਿਆਣਾ ਦੇ ਕਈ ਨਿੱਜੀ ਕਾਲਜ ਅੱਜ ਤੋਂ ਸ਼ੁਰੂ ਹੋ ਗਏ ਹਨ। ਖ਼ਾਸ ਕਰਕੇ ਲੁਧਿਆਣਾ ਦਾ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਗ੍ਰੈਜੂਏਸ਼ਨ ਦੇ ਵਿਦਿਆਰਥੀ ਆਉਣੇ ਸ਼ੁਰੂ ਹੋ ਗਏ ਹਨ। ਅੱਜ ਛੁੱਟੀ ਹੋਣ ਕਰਕੇ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਰਹੀ ਪਰ ਵਿਦਿਆਰਥੀਆਂ ਲਈ ਕਾਲਜ ਪ੍ਰਬੰਧਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸੂਬੇ ਭਰ 'ਚ 8 ਮਹੀਨਿਆਂ ਬਾਅਦ ਖੁੱਲ੍ਹੇ ਕਾਲਜ ਰਾਮਗੜ੍ਹੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਅੱਜ ਤਿਉਹਾਰ ਹੋਣ ਕਰਕੇ ਬਹੁਤੇ ਵਿਦਿਆਰਥੀ ਤਾਂ ਨਹੀਂ ਆਏ ਪਰ ਉਨ੍ਹਾਂ ਨੇ ਵਿਦਿਆਰਥਣਾਂ ਤੱਕ ਸੁਨੇਹਾ ਪੁਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਨੂੰ ਸੱਦਿਆ ਜਾ ਰਿਹਾ ਹੈ। ਇੰਦਰਜੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਾਲਜ ਦੇ ਮੇਨ ਗੇਟ 'ਤੇ ਹੀ ਵਿਦਿਆਰਥੀਆਂ ਦਾ ਤਾਪਮਾਨ ਚੈੱਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਐਂਟਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹੱਥ ਸੈਨੇਟਾਈਜ਼ ਕਰਵਾਏ ਜਾਂਦੇ ਹਨ ਅਤੇ ਆਪਸੀ ਦਾਇਰਾ ਵੀ ਬਣਾਈ ਰੱਖਿਆ ਜਾਂਦਾ ਹੈ।
ਉੱਧਰ ਕਾਲਜ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਬਾਅਦ ਉਹ ਕਾਲਜ ਆਈਆਂ ਹਨ ਅਤੇ ਕਾਫੀ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਲਜ ਵੱਲੋਂ ਚੰਗੇ ਪ੍ਰਬੰਧ ਹਨ, ਕਾਲਜ ਹੁਣ ਪੂਰੀ ਤਰ੍ਹਾ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜ ਆ ਕੇ ਪੜਨ ਅਤੇ ਘਰ ਵਿੱਚ ਪੜ੍ਹਨ ਦੇ ਵਿੱਚ ਕਾਫੀ ਫਰਕ ਹੈ।