ਲੁਧਿਆਣਾ:ਇੱਕ ਪਾਸੇ ਜਿਥੇ ਲੋਕ ਕੋਰੋਨਾ ਦੀ ਮਾਰ ਝੱਲ ਰਹੇ ਹਨ , ਉਥੇ ਹੀ ਹੁਣ ਕੋਰੋਨਾ ਮਰੀਜ਼ ਦੀ ਮੌਤ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਉਸ ਦਾ ਅੰਤਮ ਸਸਕਾਰ ਕਰਨ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਵਿਖੇ ਸਾਹਮਣੇ ਆਇਆ ਹੈ। ਇਥੇ ਲੋਕਾਂ ਵੱਲੋਂ ਕੋਰੋਨਾ ਮਰੀਜ਼ਾਂ ਦੀ ਮੌਤ ਮਗਰੋਂ ਅੰਤਮ ਸਸਕਾਰ ਦੌਰਾਨ ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਵੱਲੋਂ ਲੁੱਟ ਕਰਨ ਦੇ ਦੋਸ਼ ਲਾਏ ਗਏ ਹਨ।
ਲੁਧਿਆਣਾ ਦੇ ਸ਼ਮਸ਼ਾਨ ਘਾਟ'ਚ ਕੋਰੋਨਾ ਮਰੀਜ਼ਾਂ ਦੇ ਅੰਤਮ ਸਸਕਾਰ ਦੇ ਨਾਂਅ ਉਤੇ ਲੁੱਟ
ਕੋਰੋਨਾ ਮਹਾਂਮਾਰੀ ਦੇ ਚਲਦੇ ਆਮ ਲੋਕਾਂ ਨੂੰ ਹਸਪਤਾਲਾਂ ਤੇ ਸ਼ਮਸ਼ਾਨ ਘਾਟ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾਂ ਮਰੀਜ਼ਾਂ ਦੀ ਮੌਤ ਮਗਰੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦਾ ਅੰਤਮ ਸਸਕਾਰ ਕਰਨ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਕਿਉਂਕਿ ਸ਼ਮਸ਼ਾਨ ਘਾਟ ਪ੍ਰਬੰਧਕਾਂ ਵੱਲੋਂ ਮਨਮਰਜ਼ੀ ਦੀ ਕੀਮਤ ਵਸੂਲ ਕੀਤੀ ਜਾ ਰਹੀ ਹੈ, ਇੱਕ ਕੋਰੋਨਾ ਮਰੀਜ਼ ਦੇ ਅੰਤਮ ਸਸਕਾਰ ਚ ਕਰੀਬ 10 ਹਜ਼ਾਰ ਤੋਂ 12 ਹਜ਼ਾਰ ਰੁਪਏ ਖਰਚਨੇ ਪੈ ਰਹੇ ਹਨ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਰੋਜ਼ਾਨਾਂ ਕਈ ਮੌਤਾਂ ਹੋ ਰਹੀਆਂ ਹਨ। ਅਜਿਹੇ 'ਚ ਮ੍ਰਿਤਕ ਦਾ ਅੰਤਮ ਸਸਕਾਰ ਸਰਕਾਰੀ ਗਈਡਲਾਈਨਜ਼ ਤੇ ਕੋਰੋਨਾ ਪ੍ਰੋਟੋਕਾਲ ਦੇ ਤਹਿਤ ਕੀਤਾ ਜਾਂਦਾ ਹੈ। ਇਸ ਦੌਰਾਨ ਕੋਰੋਨਾ ਪੀੜਤ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਸ਼ਮਸ਼ਾਨ ਘਾਟ ਵਿੱਚ ਅੰਤਮ ਸਸਕਾਰ ਦੌਰਾਨ ਉਨ੍ਹਾਂ ਕੋਲੋਂ ਆਮ ਨਾਲੋਂ ਵੱਧ ਕੀਮਤ ਵਸੂਲੀ ਜਾ ਰਹੀ ਹੈ।
ਆਪਣੇ ਪਰਿਵਾਰਕ ਮੈਂਬਰ ਦਾ ਸਸਕਾਰ ਕਰਨ ਪਹੁੰਚੇ ਇੱਕ ਪੀੜਤ ਵਿਅਕਤੀ ਨੇ ਦੱਸਿਆ ਕਿ, "ਪਹਿਲਾਂ ਹਸਪਤਾਲ 'ਚ ਉਨ੍ਹਾਂ ਨਾਲ ਇਲਾਜ ਦੇ ਨਾਂਅ ਤੇ ਲੁੱਟ- ਖਸੁੱਟ ਹੋਈ। ਇਸ ਮਗਰੋਂ ਮਰੀਜ਼ ਦੀ ਮੌਤ ਤੋਂ ਬਾਅਦ ਜਦ ਉਹ ਅੰਤਮ ਸਸਕਾਰ ਲਈ ਸ਼ਮਸ਼ਾਨ ਘਾਟ ਪਹੁੰਚੇ ਤਾਂ ਇਥੇ ਵੀ ਉਨ੍ਹਾਂ ਕੋਲੋਂ 10 ਤੋਂ 12 ਹਜ਼ਾਰ ਰੁਪਏ ਲਏ ਗਏ। ਪੀੜਤ ਵਿਅਕਤੀ ਦੇ ਮੁਤਾਬਕ 6500 ਰੁਪਏ ਮਹਿਜ਼ ਲਕੜਾਂ ਦੇ ਵਸੂਲੇ ਜਾ ਰਹੇ ਹਨ। ਜਦੋਂ ਕਿ ਇਸ ਤੋਂ ਪਹਿਲਾਂ ਆਮ ਤੌਰ ਤੇ ਅੰਤਮ ਸਸਕਾਰ ਕਰਨ ਵਿੱਚ ਮਹਿਜ਼ 3500 ਰੁਪਏ ਖਰਚਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਆਪਣੀ ਕੋਰੋਨਾ ਪੀੜਤ ਭੈਣ ਦੀ ਮੌਤ ਮਗਰੋਂ ਉਸ ਦਾ ਅੰਤਮ ਸਸਕਾਰ ਕੀਤਾ ਤੇ ਹੁਣ ਦੋ ਦਿਨ ਬਾਅਦ ਉਹ ਆਪਣੇ ਜੀਜੇ ਦਾ ਅੰਤਮ ਸਸਕਾਰ ਕਰਨ ਆਏ ਹਨ। ਪੀੜਤ ਨੇ ਕਿਹਾ ਕਿ ਮਹਾਂਮਾਰੀ ਦੇ ਇਸ ਸਮੇਂ 'ਚ ਪੰਜਾਬ ਸਰਕਾਰ ਕੋਲੋਂ ਮਦਦ ਨਹੀਂ ਮਿਲ ਰਹੀ ਸਗੋਂ ਉਲਟਾ ਲੋਕਾਂ ਕੋਲੋਂ ਲੁੱਟ ਕੀਤੀ ਜਾ ਰਹੀ ਹੈ ਤੇ ਸ਼ਮਸ਼ਾਨ ਘਾਟ ਵਾਲੇ ਮਨਮਰਜ਼ੀ ਦੀ ਕੀਮਤ ਵਸੂਲ ਰਹੇ ਹਨ।