ਲੁਧਿਆਣਾ: ਦੇਸ਼ ਭਰ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਲੋਕ ਤਿਉਹਾਰਾਂ ਦੇ ਦਿਨਾਂ 'ਚ ਹਰ ਸਾਲ ਜੰਮ ਕੇ ਖਰੀਦਾਰੀ ਕਰਦੇ ਸਨ, ਪਰ ਇਹ ਸਾਲ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਨੇ ਬਾਕੀ ਧੰਦਿਆਂ ਨਾਲ ਨਾਲ ਸ਼ਰਾਫਾ ਬਾਜ਼ਾਰ 'ਤੇ ਵੀ ਮੰਦੀ ਦੀ ਮਾਰ ਪਾਈ ਹੈ। ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਬੀਤੇ 6 ਮਹੀਨਿਆਂ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰਕੇ ਸੁਨਿਆਰੇ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਗ੍ਰਾਹਕਾਂ ਦੇ ਵਿੱਚ ਵੀ ਬੇਚੈਨੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਰਕੇ ਉਹ ਸੋਨਾ ਨਹੀਂ ਖਰੀਦ ਰਹੇ। ਵਿਆਹ ਸ਼ਾਦੀਆਂ ਬੰਦ ਹੋਣ ਕਾਰਨ ਉਨ੍ਹਾਂ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਲੁਧਿਆਣਾ ਦੇ ਸ਼ਰਾਫਾ ਵਪਾਰੀਆਂ ਨੇ ਦੱਸਿਆ ਕਿ ਕੋਰੋਨਾ ਦੀ ਮਾਰ ਉਨ੍ਹਾਂ ਦੇ ਧੰਦੇ 'ਤੇ ਪਈ ਹੈ। ਉਨ੍ਹਾਂ ਕਿਹਾ ਕਿ ਬੀਤੇ 6 ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ ਚੜਾਅ ਵੇਖਣ ਨੂੰ ਮਿਲ ਰਿਹਾ ਹੈ। ਸੋਨਾ ਸ਼ੁਰੂਆਤ ਵਿੱਚ 40 ਹਜ਼ਾਰ ਦੇ ਕਰੀਬ ਸੀ ਤੇ ਬਾਅਦ 'ਚ ਉਹ ਹੌਲੀ ਹੌਲੀ ਵੱਧ ਕੇ 58 ਹਜ਼ਾਰ ਤੱਕ ਪਹੁੰਚ ਗਿਆ, ਪਰ ਹੁਣ ਇਸ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।