ਲੁਧਿਆਣਾ: ਲੁਧਿਆਣਾ ਦੇ ਵਿਸ਼ਵਕਰਮਾ ਚੌਂਕ ਵਿੱਚ ਭਾਜਪਾ ਦੇ ਲੱਗੇ ਝੰਡਿਆਂ ਤੋਂ ਕਿਸਾਨ ਜਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੂੰ ਉਤਾਰਨ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਅਤੇ ਵਰਕਰ ਵੱਡੀ ਤਦਾਦ 'ਚ ਵਿਸ਼ਵਕਰਮਾ ਚੌਕ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨਾਂ ਵਜ੍ਹਾ ਜੋ ਭਾਜਪਾ ਦੇ ਝੰਡੇ ਲਗਾਏ ਗਏ ਨੇ ਇਨ੍ਹਾਂ ਨੂੰ ਉਤਾਰਿਆ ਜਾਵੇ। ਉਨ੍ਹਾਂ ਦਾ ਕਹਿਣਾ ਕਿ ਖੇਤੀ ਕਾਨੂੰਨ ਦੇ ਵਿਰੋਧ 'ਚ ਧਰਨੇ 'ਤੇ ਬੈਠੇ 600 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਭਾਜਪਾ ਖੇਤੀ ਕਾਨੂੰਨ ਰੱਦ ਨਾ ਕਰਨ 'ਤੇ ਅੜੀ ਹੋਈ ਹੈ।
ਕਿਸਾਨਾਂ ਦੇ ਵਿਰੋਧ ਤੋਂ ਬਾਅਦ ਅਤੇ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਕਾਰਨ ਭਾਜਪਾ ਵੱਲੋਂ ਇਹ ਝੰਡੇ ਉਤਾਰ ਲਏ ਗਏ, ਜਿਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿਨਾਂ ਕਿਸੇ ਪ੍ਰੋਗਰਾਮ ਤੋਂ ਲਾਏ ਗਏ ਸਨ, ਜਿਸ ਕਰਕੇ ਇਹ ਉਤਾਰ ਲਏ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਸਾਥੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਵਿਸ਼ਵਕਰਮਾ ਚੌਕ 'ਚ ਭਾਜਪਾ ਦੀ ਝੰਡੀਆਂ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਤਾਂ ਉਹ ਵਿਰੋਧ ਕਰ ਰਹੇ ਹਨ ਅਤੇ ਹੁਣ ਭਾਜਪਾ ਆਪਣੀ ਝੰਡੀਆਂ ਲਗਾ ਕੇ ਕਿਸਾਨਾਂ ਨੂੰ ਭੜਕਾ ਰਹੀ ਹੈ।