ਲੁਧਿਆਣਾ: ਪਾਇਲ ਹਲਕੇ ਦਾ ਪਿੰਡ ਭੀਖੀ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ਪਿੰਡ ਬਣ ਗਿਆ ਹੈ, ਜਿਸ 'ਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ 100 ਫੀਸਦ ਟੀਕਾਕਰਨ ਕੀਤਾ ਗਿਆ ਹੈ। ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਪਿੰਡ ਭੀਖੀ ਦੀ ਆਬਾਦੀ 1700 ਹੈ, ਜਿਨ੍ਹਾਂ ਵਿਚੋਂ 947 ਵਸਨੀਕ 18 ਸਾਲ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਕਿਹਾ ਕਿ 18 ਗਰਭਵਤੀ ਮਹਿਲਾਵਾਂ ਨੂੰ ਛੱਡ ਕੇ ਅਤੇ ਸਿਹਤ ਦੇ ਮੁੱਦਿਆਂ ਕਾਰਨ ਟੀਕਾਕਰਨ ਲਈ ਕੁਝ ਅਯੋਗ ਹੋਣ ਦੇ ਬਾਵਜੂਦ ਸਾਰੇ 905 ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਇਸ ਪਿੰਡ ਦੇ ਸਾਰੇ ਯੋਗ ਵਸਨੀਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ। ਇਸ ਸਬੰਧੀ ਪਿੰਡ ਵਿੱਚ ਇੱਕ ਸਮਾਗਮ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਹੁਣ ਪਿੰਡ ਨੂੰ ਵਿਸ਼ੇਸ਼ ਤੌਰ ਤੇ ਪੂਰੀ ਤਰ੍ਹਾਂ ਵੈਕਸੀਨ ਹੋਣ ਕਾਰਨ ਪੰਜਾਬ ਸਰਕਾਰ ਦੀ ਸਪੈਸ਼ਲ ਦਸ ਲੱਖ ਦੀ ਗਰਾਂਟ ਵੀ ਮਿਲੇਗੀ। ਆਪਣੇ ਖੇਤਰ ਵਿੱਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਅਧਿਕਾਰੀਆਂ ਵੱਲੋਂ ਤਾਲਮੇਲ ਨਾਲ ਕੀਤੇ ਯਤਨਾਂ ਦੀ ਸ਼ਲਾਘਾ ਵੀ ਕੀਤੀ।